ਸ਼ਗਨ ਕਟਾਰੀਆ
ਬਠਿੰਡਾ, 10 ਅਕਤੂਬਰ
ਰੋਜ਼ ਗਾਰਡਨ ਬਠਿੰਡਾ ਵਿੱਚ ਸਥਿਤ ਬਲਵੰਤ ਗਾਰਗੀ ਓਪਨ ਏਅਰ ਥੀਏਟਰ ’ਚ ਜਾਰੀ ਨਾਟਿਅਮ ਦੇ ਪੰਦਰਾਂ-ਦਿਨਾ ਕੌਮੀ ਰੰਗਮੰਚ ਮੇਲੇ ਦੇ 10ਵੇਂ ਦਿਨ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਵਰਿਆਮ ਸੰਧੂ ਦੀ ਲਿਖੀ ਕਹਾਣੀ ’ਤੇ ਆਧਾਰਿਤ ਨਾਮਵਰ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ‘ਮੈਂ ਰੋ ਨਾ ਲਵਾਂ ਇੱਕ ਵਾਰ?’ ਖੇਡਿਆ ਗਿਆ। ਇਸ ਨਾਟਕ ਰਾਹੀਂ ਸਮਾਜ ਦੇ ਗਰੀਬ ਅਤੇ ਅਨੁਸੂਚਿਤ ਵਰਗ ਦੇ ਦਰਦ ਨੂੰ ਇੱਕ ਵੱਖਰੇ ਅੰਦਾਜ਼ ਰਾਹੀਂ ਪੇਸ਼ ਕੀਤਾ ਗਿਆ।
ਕੇਵਲ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਟਕ ਦਾ ਮੁੱਖ ਪਾਤਰ ਇੱਕ ਗਰੀਬ ਤੇ ਅਨੁਸੂਚਿਤ ਜਾਤੀ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜੋ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਖੁਦ ਨੂੰ ਫ਼ਿਲਮੀ ਅਦਾਕਾਰ ਧਰਮਿੰਦਰ ਦਾ ਪੁੱਤਰ ਸਮਝਣ ਦਾ ਭੁਲੇਖਾ ਪਾ ਲੈਂਦਾ ਹੈ। ਇਸੇ ਵਹਿਮ ’ਚ ਜ਼ਿੰਦਗੀ ਜਿਉਂਦਾ ਹੋਇਆ ਉਹ ਨਾਟਕ ਵਿੱਚ ਸੰਵਾਦਾਂ ਰਾਹੀਂ ਗਰੀਬੀ, ਜਾਤ-ਪਾਤ, ਸ਼ਹੀਦ ਭਗਤ ਸਿੰਘ ਦੀ ਸੋਚ, ਕਿਸਾਨੀ ਕਰਜ਼ੇ ਵਰਗੇ ਗੰਭੀਰ ਮੁੱਦੇ ਚੁੱਕਦਾ ਹੈ।
ਨਾਟਕ ਮੇਲੇ ਦੀ 10ਵੀਂ ਸ਼ਾਮ ਦੌਰਾਨ ‘ਨਾਟਿਅਮ’ ਦੇ ਪ੍ਰਧਾਨ ਸੁਧਰਸ਼ਨ ਗੁਪਤਾ, ਡਾਇਰੈਕਟਰ ਕੀਰਤੀ ਕਿਰਪਾਲ, ਪੱਤਰਕਾਰ ਗੁਰਪ੍ਰੇਮ ਸਿੰਘ ਲਹਿਰੀ ਅਤੇ ਨਾਟਿਅਮ ਟੀਮ ਵੱਲੋਂ ਕੇਵਲ ਧਾਲੀਵਾਲ ਦੀ ਲਿਖ਼ੀ ਅਤੇ ਪੀਪਲਜ਼ ਫ਼ੋਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ ਨਾਟਕਾਂ ਦੀ ਪੁਸਤਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਦੀ ਘੁੰਢ ਚੁਕਾਈ ਵੀ ਕੀਤੀ ਗਈ।