ਪੱਤਰ ਪ੍ਰੇਰਕ
ਬਠਿੰਡਾ, 3 ਅਕਤੂਬਰ
ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ 11ਵੇਂ ਕੌਮੀ ਨਾਟਕ ਮੇਲੇ ਦੇ ਦੂਸਰੇ ਦਿਨ ‘ਨਾਟਕ ਚਿੜਿਆ- ਘਰ’ ਖੇਡਿਆ ਗਿਆ। ਨਾਟਿਅਮ ਪੰਜਾਬ ਦੇ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਪ੍ਰਧਾਨ ਸੁਧਰਸ਼ਨ ਗੁਪਤਾ ਨੇ ਦੱਸਿਆ ਕਿ ਯੁਵਾ ਥੀਏਟਰ ਜਲੰਧਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਇਸ ਦੋ-ਪਾਤਰੀ ਨਾਟਕ ਵਿੱਚ ਇੱਕ ਸੁਨਸਾਨ ਪਾਰਕ ਵਿੱਚ ਮਿਲਣ ਵਾਲੇ ਦੋ ਪਾਤਰਾਂ ਦੇ ਵਾਰਤਾਲਾਪ ਨੂੰ ਰੌਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਐੱਮਆਰਐੱਸਪੀਟੀਯੂ ਵਿੱਚ ਜਾਰੀ ਇਸ 15 ਰੋਜ਼ਾ ਨਾਟਕ ਮੇਲੇ ਦੇ ਦੂਸਰੇ ਪੰਜਾਬ ਦੇ ਸਾਬਕਾ ਵਿੱਤ-ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਆਯੋਜਨ ਲਈ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਆਪਣੇ ਖੂਬਸੂਰਤ ਸ਼ਬਦਾਂ ਰਾਹੀਂ ਨੌਜਵਾਨਾਂ ਨੂੰ ਕਲਾ, ਸਾਹਿਤ ਅਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਬਠਿੰਡਾ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ, ਗਿੱਦੜਬਾਹਾ ਤੋਂ ਡਾ. ਰਵੀ ਕੰਬੋਜ ਅਤੇ ਸਮਾਜ ਸੇਵੀ ਵਿਕਾਸ ਗਰੋਵਰ ਨੇ ਵੀ ਸਮਾਗਮ ਦੀ ਰੌਣਕ ਵਧਾਈ।