ਮਨੋਜ ਸ਼ਰਮਾ
ਬਠਿੰਡਾ, 6 ਮਈ
ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਵਿੱਚ ਮਰੀਜ਼ਾਂ ਦੇ ਸਾਹ ਸੁੱਕੇ ਪਏ ਹਨ। ਸੁੱਕਣ ਵੀ ਕਿਉਂ ਨਾ ਹਸਪਤਾਲ ਦੇ ਕੈਂਪਸ ’ਚ ਲੱਗੇ ਆਰ.ਓ. ਦੀਆਂ ਟੂਟੀਆਂ ’ਚ ਪਾਣੀ ਭਾਫ਼ ਬਣ ਕੇ ਉੱਡ ਗਿਆ ਹੈ। ਗਰਮੀ ਦਾ ਮੌਸਮ ਤੇ ਪਾਰਾ ਕਾਂ ਦੀ ਅੱਖ ਕੱਢਦਾ ਹੋਵੇ ਤਾਂ ਆਰ.ਓ ਦਾ ਕੀ ਕਸੂਰ। ਜ਼ਿਕਰਯੋਗ ਹੈ ਕਿ ਬਠਿੰਡਾ ਦੇ ਇਸ ਹਸਪਤਾਲ ਵਿੱਚ ਮਾਲਵਾ ਖੇਤਰ ਦੇ ਲੋਕ ਹਰ ਰੋਜ਼ ਸਿਹਤ ਸੇਵਾਵਾਂ ਲਈ ਹਜ਼ਾਰਾਂ ਦੀ ਗਿਣਤੀ ’ਚ ਹਸਪਤਾਲ ਪੁੱਜਦੇ ਹਨ। ਇਸ ਵਾਰ ਗਰਮੀ ਦੇ ਮੌਸਮ ’ਚ ਪਾਰਾ 44 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਚੁੱਕਾ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਵਾਰਸਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਸਿੱਧ ਹੋ ਰਹੇ ਹਨ। ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਨੇ ਦੇਖਿਆ ਕਿ ਸਿਵਲ ਹਸਪਤਾਲ ਦੇ ਓ.ਪੀ.ਡੀ ਬਲਾਕ ਦੇ ਵੱਖ-ਵੱਖ ਮੈਡੀਕਲ ਯੂਨਿਟਾਂ ਦੇ ਬਾਹਰ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹਨ। ਜਦੋਂ ਵੀ ਕੋਈ ਮਰੀਜ਼ ਜਾਂ ਉਨ੍ਹਾਂ ਨਾਲ ਆਇਆ ਵਿਅਕਤੀ ਗਰਮੀ ਕਾਰਨ ਸੁੱਕ ਰਹੇ ਗਲੇ ਨੁੰ ਗਿੱਲਾ ਕਰਨ ਲਈ ਵਾਟਰ ਕੂਲਰ ਵੱਲ ਜਾਂਦਾ ਤਾਂ ਟੂਟੀਆਂ ਵਿੱਚੋਂ ਡਿਗਦੀ ਬੂੰਦ ਉਨ੍ਹਾਂ ਦੀ ਪਿਆਸ ਨਹੀਂ ਬੁਝਾ ਪਾਉਂਦੀ। ਮਰੀਜ਼ਾ ਦਾ ਕਹਿਣਾ ਹੈ ਕਿ ਉਹ ਹੈਰਾਨ ਹਨ ਕਿਉਂਕਿ ਇੰਨੀ ਗਰਮੀ ਵਿੱਚ ਵੀ ਹਸਪਤਾਲ ਦਾ ਪ੍ਰਸ਼ਾਸਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਰਿਹਾ। ਜਦੋਂਕਿ ਜ਼ਿਆਦਾਤਰ ਵਾਟਰ ਕੂਲਰ ਖਰਾਬ ਪਏ ਹਨ। ਇੱਥੇ ਹੀ ਬੱਸ ਨਹੀਂ ਇੱਕ ਵਾਟਰ ਕੂਲਰ ਵਿੱਚ ਇਨ੍ਹਾਂ ਕਰੰਟ ਹੈ ਕਿ ਉਹ ਕਿਸੇ ਦੀ ਵੀ ਜਾਨ ਲੈ ਸਕਦਾ ਹੈ। ਪਿੰਡ ਬੀੜ ਤਾਲਾਬ ਦੇ ਵਸਨੀਕ ਕੁਲਦੀਪ ਸਿੰਘ ਨੇ ਕਿਹਾ, ‘ਜੇ ਸੂਬਾ ਸਰਕਾਰ ਮਰੀਜ਼ਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਨਵੀਂ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਦੇਣ ਲਈ ਮਾਰੇ ਜਾ ਰਹੇ ਦਗਮਜੇ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬਠਿੰਡਾ ਦੇ ਰੋਹਿਤ ਕੁਮਾਰ ਨੇ ਕਿਹਾ ਕਿ ਦਵਾਈ ਲਈ ਪਰਚੀ ਕਟਵਾਉਣ ਤੋਂ ਬਾਅਦ ਓ.ਪੀ.ਡੀ ਕੋਲ ਲਾਏ ਦੋ ਵਾਟਰ ਕੂਲਰ ਬੰਦ ਪਏ ਸਨ। ਮਰੀਜ਼ ਕੰਟੀਨ ਤੋਂ ਮਿਨਰਲ ਵਾਟਰ ਦੀਆਂ ਬੋਤਲਾਂ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ’ਚ ਆਉਣ ਵਾਲੇ ਮਰੀਜ਼ ਗਰੀਬ ਪਰਿਵਾਰਾਂ ਦੇ ਹਨ ਜੋ ਮਿਨਰਲ ਵਾਟਰ ਨਹੀਂ ਖਰੀਦ ਸਕਦੇ।
ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਾਟਰ ਕੂਲਰ ਦੀਆਂ ਮੋਟਰਾਂ ਖ਼ਰਾਬ ਹੋ ਗਈਆਂ ਸਨ, ਅਸੀਂ ਉਨ੍ਹਾਂ ਨੂੰ ਤੁਰੰਤ ਠੀਕ ਕਰਵਾ ਰਹੇ ਹਾਂ ਜਿਸ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।