ਮਨੋਜ ਸ਼ਰਮਾ
ਬਠਿੰਡਾ, 13 ਅਗਸਤ
ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਦੇ ਪਿੰਡ ਚੱਕ-64 ਦਾ ਜੰਮਪਲ ਦਾਰਾ ਸਿੰਘ (90) ਉਮਰ ਦੇ ਆਖ਼ਰੀ ਪੜਾਅ ਵਿੱਚ ਭਾਰਤ-ਪਾਕਿਸਤਾਨ ਵੰਡ ਦੇ ਜ਼ਖ਼ਮਾਂ ਨੂੰ ਹਾਲੇ ਵੀ ਨਹੀਂ ਭੁੱਲਿਆ ਹੈ। ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਰਹਿ ਰਹੇ ਦਾਰਾ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਸਾਹੀਵਾਲ ਮਿੰਟਗੁਮਰੀ ਦਾ ਜੰਮਪਲ ਹੈ ਅਤੇ ਉਹ 4 ਭਰਾ ਤੇ ਦੋ ਭੈਣਾਂ ਸਨ। ਇਨ੍ਹਾਂ ਵਿੱਚ ਵੱਡਾ ਭਰਾ ਮੰਗਤੂ, ਕਰਤਾਰਾ, ਦਾਰਾ ਤੇ ਜੋਗਿੰਦਰ ਸਨ ਜਿਨ੍ਹਾਂ ਵਿੱਚੋਂ ਭਾਵੇਂ ਦੋ ਵੱਡੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆ ਭੈਣਾਂ ਕਰਤਾਰੋਂ ਤੇ ਮੇਲੋ ਚੜ੍ਹਦੇ ਪੰਜਾਬ ’ਚ ਵਿਆਹੀਆਂ ਹੋਈਆਂ ਹਨ।
ਦਾਰਾ ਸਿੰਘ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਉਸ ਦਾ ਪਿਤਾ ਸੁੱਚਾ ਸਿੰਘ ਉਸ ਦੀ ਮਾਂ ਮਾਨੋ ਨੂੰ ਉਸ ਦੇ ਮੋਗਾ ’ਚ ਰਹਿੰਦੇ ਮਾਸੜ ਦੇ ਕਹਿਣ ’ਤੇ ਪਾਕਿਸਤਾਨ ਲੈ ਗਿਆ ਸੀ। 47 ਦੀ ਵੰਡ ਮੌਕੇ ਉਹ 10 -12 ਵਰ੍ਹਿਆਂ ਦੀ ਸੀ। ਰੌਲਾ ਪੈਣ ਮੌਕੇ ਜਦੋਂ ਮੁਸਲਮਾਨਾਂ ਦੀ ਭੀੜ ਨੇ ਨੇਜ਼ੇ ਵਰਛੇ ਲੈ ਕੇ ਉਨ੍ਹਾਂ ਦੇ ਘਰ ਘੇਰੇ ਤਾਂ ਉਹ ਤੁਰੰਤ ਪਸ਼ੂ ਡੰਗਰ ਘਰ ਵਾਰ ਛੱਡ ਕੇ ਨਜ਼ਦੀਕ ਪਿੰਡ ਵਿਆਹੀ ਮੁਨਸ਼ੀ ਰਾਮ ਦੀ ਕੁੜੀ ਦੇ ਘਰ ਜਾ ਲੁਕੇ ਪਰ ਉੱਥੇ ਵੀ ਭੜਕੀ ਭੀੜ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਦੇ ਘਰ ਵਾਲੇ ਸਰਦਾਰ ਨੇ ਘੋੜੀ ’ਤੇ ਚੜ੍ਹ ਕੇ ਰਾਈਫ਼ਲ ਦਾ ਨਿਸ਼ਾਨਾ ਸੇਧਦਿਆਂ ਭੀੜ ਨੂੰ ਲਲਕਾਰਿਆ ਤਾਂ ਉਹ ਭੱਜ ਗਏ। ਭੀੜ ਵੱਲੋਂ ਘਰਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਸੀ ਅਤੇ ਕਣਕ ਦੀ ਬੋਰੀਆਂ ਚੁੱਕ ਚੁੱਕ ਕੱਚੇ ਖੂਹ ਭਰੇ ਜਾ ਰਹੇ ਸਨ। ਮੌਕਾ ਦੇਖਦੇ ਅਸੀਂ ਅੰਬਾਂ ਦੇ ਬਾਗ਼ ਅਤੇ ਕਮਾਦਾਂ ਵਿੱਚ ਜਾ ਲੁਕੇ ਹਿੰਦੂ ਸਿੱਖਾਂ ਵੱਲੋਂ ਆਪਣੇ ਛੋਟੇ ਬੱਚਿਆਂ ਨੂੰ ਇੱਕ ਦੂਜੇ ਤੋਂ ਹੱਥੀਂ ਮਰਵਾਉਣਾ ਪਿਆ। ਫੌਜ ਵੱਲੋਂ ਲੁਕੇ ਬੰਦਿਆਂ ਨੂੰ ਲੱਭ ਕੇ ਐਲਾਨ ਕੀਤਾ ਗਿਆ ਹਿੰਦੁਸਤਾਨ ਲਈ ਰਾਤ 8 ਵਜੇ ਰੇਲ ਗੱਡੀ ਰਵਾਨਾ ਹੋਵੇਗੀ ਅਤੇ ਉਹ ਗੱਠੜੀਆਂ ਬੰਨ੍ਹ ਕੇ ਧਾਹਾਂ ਮਰਦਿਆਂ ਨੂੰ ਫ਼ੌਜ ਨੇ ਗੱਡਿਆਂ ਰਾਹੀਂ ਸਟੇਸ਼ਨ ’ਤੇ ਪਹੁੰਚਿਆ।
ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਵਿਅਕਤੀ ਸਨ ਅਤੇ ਉਨ੍ਹਾਂ ਨੂੰ ਅਟਾਰੀ ਸਟੇਸ਼ਨ ’ਤੇ ਲੰਗਰ ਮਿਲਿਆ। ਉਹ ਯਾਦ ਕਰਦਾ ਹੈ ਕਿ ਪਾਕਿਸਤਾਨ ਤੋਂ ਹਰੀ ਕੇ ਪੱਤਣ ਵਾਲੀ ਰੇਲਵੇ ਲਾਈਨ ਚੁੱਕ ਦਿੱਤੀ ਗਈ ਸੀ ਉਹ ਬਿਆਸ ਹੁੰਦੇ ਲੁਧਿਆਣਾ ਪੁੱਜੇ ਪਹਿਲੀ ਰਾਤ ਅ੍ਰੰਮਿਤਸਰ ਅਟਾਰੀ ਕੱਟੀ। ਦੂਜੀ ਲੁਧਿਆਣੇ ਅਤੇ ਤੀਜੀ ਰਾਤ ਫ਼ਿਰੋਜ਼ਪੁਰ ਕੱਟੀ ਅਤੇ ਗੋਨਿਆਣਾ ਸਟੇਸ਼ਨ ’ਤੇ ਉੱਤਰੇ। ਉਸ ਦੇ ਪਿਉ ਨੇ ਪੰਜਾਬ ਆ ਕੇ ਹੋਰ ਵਿਆਹ ਕਰਵਾ ਲਿਆ ਅਤੇ ਉਸ ਦੀ ਮਾਂ ਮਾਨੋ ਜਹਾਨੋਂ ਕੂਚ ਕਰ ਗਈ। ਉਹ ਦੱਸਦਾ ਹੈ,‘ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਮੈਂ ਅਤੇ ਮੇਰੇ ਭਰਵਾਂ ਨੇ ਸੀਰ ਕੱਟਿਆ। ਅੱਜ ਵੀ ਉਹ ਮਿਹਨਤ ਮੁਸ਼ੱਕਤ ਕਰਦਾ ਹੈ ਤੇ ਪਿੰਡਾਂ ਦੀ ਗਲੀ ਗਲੀ ਵਿੱਚ ਕਹੇ ਕੁਹਾੜੇ ਕੱਸੀਆਂ ਵੇਚ ਕੇ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਦਾ ਹੈ।’