ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਅਪਰੈਲ
ਇੱਥੇ ਹਨੂੰਮਾਨ ਚੌਕ ਨੇੜੇ ਟਰੱਕ ਯੂਨੀਅਨ ਵਾਲੀ ਕਰੀਬ 1500 ਗਜ਼ ਵਿਵਾਦਤ ਜਗ੍ਹਾ ਦੇ ਸਬੰਧ ’ਚ ਟਰੱਕ ਯੂਨੀਅਨ ਵੱਲੋਂ ਵਕਫ਼ ਬੋਰਡ ਟ੍ਰਿਬਿਊਨਲ ਫ਼ਰੀਦਕੋਟ ਕੋਲ ਦਾਇਰ ਕੀਤੀ ਅਪੀਲ ਖਾਰਜ ਹੋਣ ’ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਜਗ੍ਹਾ ’ਤੇ ਕਬਜ਼ਾ ਕਰ ਲਿਆ। ਕਬਜ਼ਾ ਲੈਣ ਲਈ ਪਹੁੰਚੇ ਵਕਫ਼ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਮੌਕੇ ਵੱਡੀ ਗਿਣਤੀ ਟਰੱਕ ਅਪਰੇਟਰਾਂ ਵੱਲੋਂ ਭਾਵੇਂ ਵਿਰੋਧ ਕੀਤਾ ਗਿਆ ਪਰ ਭਾਰੀ ਸੁਰੱਖਿਆ ਹੋਣ ਕਾਰਨ ਵਿਰੋਧ ਸਿਰਫ਼ ‘ਵਿਰੋਧ’ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਇਸ ਜਗ੍ਹਾ ’ਤੇ ਹੁਣ ਪਾਵਰਕੌਮ ਵੱਲੋਂ ਬਿਜਲੀ ਗਰਿੱਡ ਉਸਾਰਨ ਦੀ ਤਜਵੀਜ਼ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਲਗਭਗ ਚਾਰ ਸਾਲਾਂ ਤੋਂ ਇਹ ਜ਼ਮੀਨ ਟਰੱਕ ਯੂਨੀਅਨ ਤੋਂ ਛੁਡਵਾ ਕੇ ਪਾਵਰਕੌਮ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮਾਮਲਾ ਪਹਿਲਾਂ ਅਦਾਲਤ ’ਚ ਅਤੇ ਫਿਰ ਵਕਫ਼ ਬੋਰਡ ਟਿ੍ਬਿਊਨਲ ਕੋਲ ਜਾਣ ਕਰਕੇ ਲਟਕਦਾ ਆ ਰਿਹਾ ਸੀ। ਤਿੰਨ ਕੁ ਸਾਲ ਪਹਿਲਾਂ ਵੀ ਪਾਵਰਕੌਮ ਅਧਿਕਾਰੀ ਗਰਿੱਡ ਦੀ ਸਥਾਪਤੀ ਲਈ ਸਾਜ਼ੋ-ਸਾਮਾਨ ਲੈ ਕੇ ਆਏ ਸਨ ਪਰ ਟਰੱਕ ਅਪਰੇਟਰਾਂ ਨੇ ਵਿਰੋਧ ਕੀਤਾ ਸੀ।
ਬੀਤੇ ਹਫ਼ਤੇ ਪ੍ਰਸ਼ਾਸਨ ਨੇ ਯੂਨੀਅਨ ਦੇ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ 1500 ਗਜ਼ ’ਤੇ ਗਰਿੱਡ ਲਾਉਣ ਲਈ ਨਿਸ਼ਾਨਦੇਹੀ ਵੀ ਕਰ ਦਿੱਤੀ ਸੀ ਕੁਝ ਟਰੱਕ ਅਪਰੇਟਰਾਂ ਵੱਲੋਂ ਵਿਰੋਧ ਕਰਨ ’ਤੇ ਯੂਨੀਅਨ ਅਤੇ ਪ੍ਰਸ਼ਾਸਨ ਦਰਮਿਆਨ ਤਾਲਮੇਲ ਠੀਕ ਨਾ ਬੈਠ ਸਕਿਆ। ਅਪਰੇਟਰਾਂ ਦਾ ਕਹਿਣਾ ਹੈ ਕਿ ਜਗ੍ਹਾ ਵਕਫ਼ ਬੋਰਡ ਦੀ ਹੈ ਅਤੇ ਉਨ੍ਹਾਂ ਦਾ ਬੋਰਡ ਨਾਲ 99 ਸਾਲਾ ਲੀਜ਼ ਸਮਝੌਤਾ ਹੋਇਆ ਹੈ। ਦੱਸਣ ਮੁਤਾਬਿਕ ਕਰੀਬ 2000 ਟਰੱਕ ਅਪਰੇਟਰ ਆਪਣੇ ਟਰੱਕ ਇੱਥੇ ਖੜ੍ਹੇ ਕਰਦੇ ਹਨ।
ਟਿ੍ਬਿਊਨਲ ਨੇ ਆਪਣੇ ਫੈਸਲੇ ’ਚ ਟਰੱਕ ਅਪਰੇਟਰਾਂ ਦੀ ਅਪੀਲ ਖਾਰਜ ਕਰਦਿਆਂ ਜਗ੍ਹਾ ਦਾ ਕਬਜ਼ਾ ਪਾਵਰਕੌਮ ਨੂੰ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪਾਵਰਕਾਮ ਨੂੰ 31 ਲੱਖ ਰੁਪਏ ਦੀ ਐਡਵਾਂਸ ਰਕਮ ਵਕਫ਼ ਬੋਰਡ ਕੋਲ ਜਮ੍ਹਾ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਕਬਜ਼ਾ ਲੈਣ ਸਮੇਂ ਵਕਫ਼ ਬੋਰਡ ਦੇ ਸੂਬਾਈ ਆਗੂ ਐਮ.ਏ. ਭੁੱੱਟੋ, ਆਰਸੀ ਲਾਇਕ ਮੁਹੰਮਦ, ਕਾਨੂੰਨਗੋ ਭੋਜ ਰਾਜ ਅਤੇ ਪੁਲੀਸ ਅਧਿਕਾਰੀ ਮੌਜੂਦ ਸਨ।
ਗਰਿੱਡ ਕਿਸੇ ਕੀਮਤ ’ਤੇ ਸਥਾਪਤ ਨਹੀਂ ਹੋਣ ਦੇਵਾਂਗੇ: ਟਰੱਕ ਅਪਰੇਟਰ
ਟਰੱਕ ਅਪਰੇਟਰਾਂ ਨੇ ਦਾਅਵਾ ਕੀਤਾ ਕਿ ਉਹ 48 ਸਾਲ ਤੋਂ ਇੱਥੇ ਕਾਬਜ਼ ਹਨ ਅਤੇ ਜਿਹੜੀ ਜਗ੍ਹਾ ’ਤੇ ਬਿਜਲੀ ਗਰਿੱਡ ਬਣਾਉਣ ਦੀ ਤਜਵੀਜ਼ ਹੈ, ਉੱਥੇ ਕਾਲੀ ਮਾਤਾ ਦਾ ਮੰਦਰ ਹੈ। ਉਨ੍ਹਾਂ ਇਸ ਮੰਦਰ ਨਾਲ ਆਪਣੀ ਸ਼ਰਧਾ ਜੁੜੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਗਰਿੱਡ ਦੀ ਉਸਾਰੀ ਹੋਈ ਤਾਂ ਮੰਦਰ ਨੂੰ ਨੁਕਸਾਨ ਪਹੁੰਚੇਗਾ। ਇਸ ਲਈ ਉਹ ਇੱਥੇ ਗਰਿੱਡ ਦੀ ਸਥਾਪਨਾ ਕਿਸੇ ਕੀਮਤ ’ਤੇ ਨਹੀਂ ਹੋਣ ਦੇਣਗੇ।