ਮਨੋਜ ਸ਼ਰਮਾ
ਬਠਿੰਡਾ, 11 ਮਈ
ਬਠਿੰਡਾ ਬੱਸ ਸਟੈਂਡ ਵਿੱਚ ਪੀਆਰਟੀਸੀ ਦੇ ਕੰਡਕਟਰ ਨੂੰ ਇਕ ਮਹਿਲਾ ਨੇ ਉਦੋਂ ਪੜ੍ਹਨੇ ਪਾ ਦਿੱਤਾ ਜਦੋਂ ਫਰੀਦਕੋਟ ਡਿਪੂ ਦੇ ਕੰਡਕਟਰ ਨੁੰ ਇਸ ਮਹਿਲਾ ਨੂੰ ਬੇਬੇ ਜੀ ਕਹਿਣਾ ਪਿਆ ਅਤੇ ਕੱਟੀ ਗਈ ਟਿਕਟ ਦੇ ਪੈਸੇ ਵੀ ਵਾਪਸ ਕਰਨੇ ਪਏ। ਕਿਉਂਕਿ ਇਸ ਮਹਿਲਾ ਨੇ ਬੱਸ ਅੱਗੇ ਲੇਟ ਕੇ ਕੰਡਕਟਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਚੱਲਣ ਵਾਲੀ ਫਰੀਦਕੋਟ ਡਿਪੂ ਦੀ ਬੱਸ ’ਤੇ ਇਕ ਮਹਿਲਾ ਤੇ ਉਸ ਦਾ ਲੜਕਾ ਗੋਨਿਆਣਾ ਤੋਂ ਬੱਸ ’ਚ ਚੜ੍ਹੇ ਤਾਂ ਲੜਕੇ ਨੇ ਬੱਸ ਦੇ ਕੰਡਕਟਰ ਤੋਂ ਦੋ ਟਿਕਟਾਂ ਲਈਆਂ ਜਦੋਂ ਲੜਕੇ ਦੀ ਮਾਤਾ ਨੂੰ ਪਤਾ ਲੱਗਿਆ ਕਿ ਕੰਡਕਟਰ ਨੇ ਉਸਦੀ ਵੀ ਟਿਕਟ ਕੱਟ ਦਿੱਤੀ ਹੈ ਤਾਂ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕੰਡਕਟਰ ਨੇ ਉਸ ਦੀ ਗੱਲ ਨਹੀਂ ਸੁਣੀ। ਜਦੋਂ ਬੱਸ ਸਟੈਂਡ ’ਤੇ ਬੱਸ ਰੁਕੀ ਤਾਂ ਔਰਤ ਨੇ ਬੱਸ ਅੱਗੇ ਲੇਟ ਕੇ ਬੱਸ ਨੂੰ ਉਸ ਸਮੇਂ ਤੱਕ ਅੱਗੇ ਰਵਾਨਾ ਹੋਣ ਤੋਂ ਰੋਕੀ ਰੱਖਿਆ ਜਦੋਂ ਤੱਕ ਕੰਡਕਟਰ ਨੇ ਔਰਤ ਨੂੰ 25 ਰੁਪਏ ਟਿਕਟ ਦੇ ਪੈਸੇ ਵਾਪਸ ਨਹੀਂ ਕੀਤੇ। ਇਸ ਸਬੰਧੀ ਪੀਆਰਟੀਸੀ ਦੇ ਪ੍ਰਧਾਨ ਸੰਦੀਪ ਸਿੰਘ ਨੇ ਕਦਹਾ ਕਿ ਇਹ ਮਾਮਲਾ ਫਰੀਦਕੋਟ ਪੀਆਰਟੀਸੀ ਡਿੱਪੂ ਦੀ ਬੱਸ ਦਾ ਹੈ। ਇਸ ਸਬੰਧੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਬੱਸ ਫਰੀਦਕੋਟ ਲਈ ਰਵਾਨਾ ਹੋ ਗਈ ਹੈ। ਜਦੋਂ ਵਾਪਸ ਆਵੇਗੀ ਉਸ ਨਾਲ ਗੱਲ ਕਰਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ ਕਿ ਆਧਾਰ ਕਾਰਡ ਵਾਲੀਆਂ ਔਰਤਾਂ ਦੀ ਟਿਕਟ ਨਾ ਕੱਟੀ ਜਾਵੇ।