ਸ਼ਗਨ ਕਟਾਰੀਆ
ਬਠਿੰਡਾ, 22 ਅਪਰੈਲ
ਇਨ੍ਹੀਂ ਦਿਨੀਂ ਹਸਪਤਾਲਾਂ ’ਚ ਕਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਦਾ ਕਾਲ ਪਿਆ ਹੋਇਆ ਹੈ। ਇਸ ਦੌਰਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਦੀ ਵੱਢ-ਟੁੱਕ ਲਈ ਮੁੰਬਈ ਦੀ ਨਿੱਜੀ ਕੰਪਨੀ ਕੋਲ ਆਕਸੀਜਨ ਨਾਲ ਭਰੇ ਸਿਲੰਡਰ ਅਤੇ ਟੈਂਕਰ ਭਰ ਕੇ ਗੈਸ ਪਹੁੰਚ ਰਹੀ ਹੈ। ਹੈਰਾਨੀ ਤਾਂ ਉਦੋਂ ਹੋਈ ਅੱਜ ਜਦੋਂ ਸਿਵਲ ਹਸਪਤਾਲ ਬਠਿੰਡਾ ਦੀ ਐਂਬੂਲੈਂਸ ਇਸ ਪ੍ਰਾਈਵੇਟ ਕੰਪਨੀ ਤੋਂ ਸਿਲੰਡਰ ਲੈਣ ਪਹੁੰਚੀ। ਕੰਪਨੀ ਵੱਲੋਂ ਆਕਸੀਜਨ ਗੈਸ ਦੇ ਚਾਰ ਸਿਲੰਡਰ ਐਂਬੂਲੈਂਸ ਨੂੰ ਦਿੱਤੇ ਗਏ।
ਥਰਮਲ ਦੀ ਢਾਹ-ਢੁਹਾਈ ਕਰ ਰਹੀ ਨਿੱਜੀ ਕੰਪਨੀ ਨੇ ਥਰਮਲ ਪਲਾਂਟ ਬਠਿੰਡਾ ਅੰਦਰ ਬਹੁਤ ਵੱਡਾ ਟੈਂਕ ਆਕਸੀਜਨ ਗੈਸ ਭੰਡਾਰ ਕਰਨ ਲਈ ਬਣਾਇਆ ਹੋਇਆ ਹੈ। ਟੈਂਕ ਵਿੱਚ ਆਕਸੀਜਨ ਗੈਸ ਨਾਲ ਭਰੇ ਟੈਂਕਰਾਂ ਰਾਹੀਂ ਲਿਆ ਕੇ ਗੈਸ ਭਰੀ ਜਾਂਦੀ ਹੈ। ਮੁੱਖ ਟੈਂਕ ਵਿੱਚ ਲੰਮੀਆਂ-ਲੰਮੀਆਂ ਗੈਸ ਕਟਿੰਗ ਦੀਆਂ ਪਾਈਪਾਂ ਲਗਾਈਆਂ ਹੋਈਆਂ ਹਨ, ਜੋ ਕਈ-ਕਈ ਮੀਟਰ ਤੱਕ ਇਸ ਟੈਂਕ ਵਿੱਚੋਂ ਗੈਸ ਦੀ ਸਪਲਾਈ ਲੈ ਕੇ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਨੂੰ ਵੱਢਣ ਦਾ ਕੰਮ ਜੰਗੀ ਪੱਧਰ ’ਤੇ ਕਰ ਰਹੀਆਂ ਹਨ।
ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈੱਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਥਰਮਲ ਪਲਾਂਟ ਵਿੱਚ ਪ੍ਰਾਈਵੇਟ ਕੰਪਨੀ ਨੂੰ ਆ ਰਹੀ ਆਕਸੀਜਨ ਗੈਸ ਦੀ ਸਪਲਾਈ ਨੂੰ ਤੁਰੰਤ ਰੋਕ ਕੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਇਹ ਆਕਸੀਜਨ ਗੈਸ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ, ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ ਅਤੇ ਮਨਪ੍ਰੀਤ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਕਰੋਨਾ ਦਾ ਕਹਿਰ ਬਹੁਤ ਤੇਜ਼ੀ ਨਾਲ ਵਧਣ ਦੀਆਂ ਰਿਪੋਰਟਾਂ ਕਾਰਨ ਇਸ ਸਮੇਂ ਪੰਜਾਬ ਦੇ ਹਸਪਤਾਲਾਂ ਵਿੱਚ ਆਕਸੀਜਨ ਗੈਸ ਦੀ ਬਹੁਤ ਲੋੜ ਹੈ। ਦੂਜੇ ਪਾਸੇ ਪੱਕੇ ਤੌਰ ’ਤੇ ਬੰਦ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਨੂੰ ਬਹੁਤ ਹੀ ਵੱਡੇ ਪੱਧਰ ’ਤੇ ਨਸ਼ਟ ਕਰਨ ਲਈ ਵੱਡੀ ਮਾਤਰਾ ’ਚ ਆਕਸੀਜਨ ਗੈਸ ਵਰਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਥਰਮਲ ਪਲਾਂਟ ਨੂੰ ਢਾਹੁਣ ਦੇ ਕੰਮ ਨੂੰ ਬੰਦ ਕਰਵਾ ਕੇ ਗੈਸ ਦੀ ਸਪਲਾਈ ਹਸਪਤਾਲਾਂ ਨੂੰ ਦਿੱਤੀ ਜਾਵੇ।
ਮਾਮੂਲੀ ਬਚੀ ਗੈਸ ਵਿੱਚੋਂ ਹੀ ਹਸਪਤਾਲ ਨੂੰ ਦਿੱਤੀ: ਐਕਸੀਅਨ
ਬਠਿੰਡਾ ਥਰਮਲ ਦੇ ਐਕਸੀਅਨ ਤਰੀਸ਼ ਗੁਪਤਾ ਦਾ ਕਹਿਣਾ ਸੀ ਕਿ ਗੈਸ ਦੇਣ ਲਈ ਡਿਪਟੀ ਕਮਿਸ਼ਨਰ ਦਾ ਫੋਨ ਉਨ੍ਹਾਂ ਦੇ ਚੀਫ਼ ਕੋਲ ਆਇਆ ਸੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਨੂੰ ਤਰਜੀਹ ਮੰਨ ਕੇ ਸਿਲੰਡਰ ਦੇਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਆਖਿਆ ਉਂਜ ਵੀ ਕੰਪਨੀ ਕੋਲ ਆਕਸੀਜਨ ਗੈਸ ਦੀ ਕਮੀ ਹੋਣ ਕਾਰਨ ਕੰਮ ਰੁਕਿਆ ਹੋਇਆ ਸੀ ਅਤੇ ਮਾਮੂਲੀ ਬਚੀ ਗੈਸ ਵਿੱਚੋਂ ਹੀ ਇਹ ਗੈਸ ਹਸਪਤਾਲ ਨੂੰ ਦਿੱਤੀ ਗਈ।
ਕਿੱਲਤ ਦੇ ਬਾਵਜੂਦ ਗੈਸ ਹਸਪਤਾਲ ਨੂੰ ਦਿੱਤੀ: ਕੰਪਨੀ ਇੰਚਾਰਜ
ਬਠਿੰਡਾ ਥਰਮਲ ਵਿੱਚ ਕੰਮ ਕਰ ਰਹੀ ਨਿੱਜੀ ਕੰਪਨੀ ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਪੰਜ ਸਿਲੰਡਰ ਅੱਜ ਸਿਵਲ ਹਸਪਤਾਲ ਨੂੰ ਦਿੱਤੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਵੀ ਗੈਸ ਦੀ ਕਿੱਲਤ ਹੋਣ ਦੇ ਬਾਵਜੂਦ ਮਾਨਵ ਭਲੇ ਨੂੰ ਮੁੱਖ ਰੱਖਦਿਆਂ, ਗੈਸ ਸਿਵਲ ਹਸਪਤਾਲ ਨੂੰ ਦਿੱਤੀ।