ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਜੁਲਾਈ
ਹੁੰਮਸ ਭਰੀ ਗਰਮੀ ਦਾ ਮਿਜਾਜ਼ ਨੇ ਮਾਲਵਾ ਖਿੱਤੇ ਨੂੰ ਆਪਣੀ ਗਿ੍ਫ਼ਤ ਵਿੱਚ ਜਕੜਿਆ ਹੋਇਆ ਹੈ। ਹਫ਼ਤਾ ਕੁ ਪਹਿਲਾਂ ਇੰਦਰ ਦੇਵਤਾ ਉੱਤਰ-ਪੂਰਬੀ ਪੰਜਾਬ ’ਚ ਤਾਂ ਮਿਹਰਬਾਨ ਰਿਹਾ ਪਰ ਦੱਖਣ-ਪੱਛਮੀ ਪੰਜਾਬ ਦਾ ਹਾਲ ਕੰਨੀ ਦੇ ਕਿਨਾਰੇ ਵਾਲਾ ਹੀ ਰਿਹਾ। ਅੱਜ ਬਠਿੰਡਾ ਖਿੱਤੇ ਦਾ ਵੱਧ ਤੋਂ ਵੱਧ ਤਾਪਮਾਨ 41 ਅਤੇ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਦੇ ਵਾਤਾਵਰਣ ਦੀ ਨਮੀ 71 ਅਤੇ ਦੁਪਹਿਰ ਵਕਤ ਦੀ ਨਮੀ 63 ਪ੍ਰਤੀਸ਼ਤ ਦਰਜ ਕੀਤੀ ਗਈ। ਅੰਤਾਂ ਦੀ ਹੁੰਮਸ ਨਾਲ ਫ਼ਸਲਾਂ ਵੀ ਮੁਰਝਾਉਣ ਲੱਗੀਆਂ ਹਨ। ਮਾਲਵੇ ’ਚ ਜ਼ਮੀਨਦੋਜ਼ ਪਾਣੀ ਦੀ ਪਰਤ ਲਗਾਤਾਰ ਹੇਠਾਂ ਜਾਣ ਨਾਲ ਝੋਨੇ ਦੇ ਕਾਸ਼ਤਕਾਰਾਂ ਨੂੰ ਫ਼ਸਲ ਪਾਲਣ ਦੀ ਚਿੰਤਾ ਸਤਾ ਰਹੀ ਹੈ। ਗਰਮੀ ਦੇ ਸਤਾਏ ਲੋਕ ਮੀਂਹ ਦੀ ਇੰਤਜ਼ਾਰ ’ਚ ਔਸੀਆਂ ਪਾ ਰਹੇ ਹਨ। ਮੌਸਮ ਮਾਹਿਰਾਂ ਵੱਲੋਂ ਚੰਗੀ ਖ਼ਬਰ ਆਈ ਹੈ ਕਿ 18 ਜੁਲਾਈ ਤੋਂ ਪੰਜਾਬ ਦੇ ਉੱਤਰ-ਪੂਰਬੀ ਹਿੱਸੇ ’ਚ ਮੌਨਸੂਨ ਦੀ ਤਕੜੀ ਹਲਚਲ ਸ਼ੁਰੂ ਹੋ ਜਾਵੇਗੀ ਜੋ ਪੰਜਾਬ ਨੂੰ ਕਲਾਵੇ ਵਿਚ ਲੈਂਦੀ ਹੋਈ 23 ਜੁਲਾਈ ਤੱਕ ਜਾਰੀ ਰਹੇਗੀ।