ਪੱਤਰ ਪ੍ਰੇਰਕ
ਬਠਿੰਡਾ, 16 ਮਈ
ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਦੇ ਆਰਟੀਏ ਦਫ਼ਤਰ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਅੱਜ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰਟੀਏ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਆਰਟੀਏ ਦਫ਼ਤਰ ਬਠਿੰਡਾ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਹੈ ਅਤੇ ਇਸ ਦਫ਼ਤਰ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਦਫ਼ਤਰ ਦੀ ਚੈਕਿੰਗ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਆਰਟੀਏ ਦਫ਼ਤਰ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਆਰਟੀਏ ਦਫ਼ਤਰ ਬਠਿੰਡਾ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਇਸ ਦਫ਼ਤਰ ਤੋਂ ਨਾਜਾਇਜ਼ ਪਰਮਿਟ ਜਾਰੀ ਕੀਤੇ ਗਏ ਹਨ। ਉਨ੍ਹਾਂ ਨਿੱਜੀ ਘਰਾਣਿਆਂ ਦੀ ਇਕ ਬੱਸ ਮਾਲਕਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਅਕਾਲੀ ਤੇ ਕਾਂਗਰਸ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਰਾ ਕੁਝ ਉਥਲ-ਪੁਥਲ ਕੀਤਾ ਹੋਇਆ ਸੀ ਤੇ ਇਨ੍ਹਾਂ ਦੀਆਂ ਆਪਣੀਆਂ ਬੱਸਾਂ ਹੋਣ ਕਾਰਨ ਟਾਈਮ ਟੇਬਲ ਵੀ ਆਪਣੇ ਅਨੁਸਾਰ ਬਣਾਏ ਹੋਏ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਟਰਾਂਸਪੋਰਟਰ ਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਪਾਰਦਰਸ਼ੀ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਜਾਂ ਤਾਂ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ਵਿੱਚ ਬਿਲਕੁਲ ਨਹੀਂ ਵਿਚਾਰਿਆ ਗਿਆ ਜਾਂ ਫਿਰ ਸਭ ਕੁਝ ਘਾਲਾ ਮਾਲਾ ਹੈ। ਟਰਾਂਸਪੋਰਟ ਮੰਤਰੀ ਭੁੱਲਰ ਅੱਗੇ ਟਰਾਂਸਪੋਰਟਰ ਅਤੇ ਆਮ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਇਕ ਨੰਬਰ ਤੇ ਦੋ ਦੋ ਵਹੀਕਲ ਚੱਲਣ ਦੀਆਂ ਸ਼ਿਕਾਇਤਾਂ ਕੀਤੀਆਂ। ਉੱਥੇ ਮੀਡੀਏ ਦੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਰਾਤ ਵੇਲ਼ੇ ਚੱਲਣ ਵਾਲੀਆਂ ਨਾਜਾਇਜ਼ ਬੱਸਾਂ ਅਤੇ ਸਲੀਪਰਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ ਤੇ ਜੇ ਕੋਈ ਵੋਲਵੋ ਬੱਸ ਬਿਨਾਂ ਟੈਕਸ ਭਰੇ ਜਾਂ ਨਾਜਾਇਜ਼ ਚੱਲਦੀ ਦਿੱਸੀ, ਉਸ ਨੂੰ ਸਮੇਤ ਜੁਰਮਾਨਾ ਬਾਊਂਡ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਦਾ ਗੁਣਗਾਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਚੰਗਾ ਕੰਮ ਕਰ ਰਹੀ ਹੈ ਤੇ ਮੁੱਖ ਮੰਤਰੀ ਖੁਦ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਹਨ।
ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਬੱਸਾਂ ਦੀ ਚੈਕਿੰਗ ਵੀ ਕੀਤੀ। ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਦੱਸਿਆ ਕਿ ਮੰਤਰੀ ਦਾ ਇਹ ਦੌਰਾ ਅਚਨਚੇਤ ਸੀ ਤੇ ਉਨ੍ਹਾਂ ਬੱਸ ਸਟੈਂਡ ਦੇ ਦੌਰੇ ਦੌਰਾਨ ਬੱਸਾਂ ਦੀ ਚੈਕਿੰਗ ਦੀ ਪੁਸ਼ਟੀ ਕੀਤੀ।