ਮਨੋਜ ਸ਼ਰਮਾ
ਬਠਿੰਡਾ, 27 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਮਿਨੀ ਸਕੱਤਰੇਤ ਅੱਗੇ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਵਿਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜਿਵੇਂ ਹੁਣ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਤੋਂ ਜ਼ਮੀਨਾਂ ਖੁੱਸ ਰਹੀਆਂ ਹਨ ਅਤੇ ਵੱਡੇ ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਵਿਚ ਜਾ ਰਹੀ ਹੈ ਮੁਗਲ ਹਕੂਮਤ ਵੇਲੇ ਵੀ ਜ਼ਮੀਨਾਂ ’ਤੇ ਜਗੀਰਦਾਰਾਂ ਦਾ ਕਬਜ਼ਾ ਸੀ। ਉਸ ਤੋਂ ਬਾਅਦ ਜ਼ਮੀਨ ਪ੍ਰਾਪਤੀ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸੰਘਰਸ਼ ਚੱਲਿਆ ਤੇ ਜਗੀਰਦਾਰਾਂ ਤੋਂ ਸਾਰੀਆਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਦੇ ਨਾ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਅੱਜ ਰਾਜ ਦੇ ਜਬਰ ਨੂੰ ਰੋਕਣ ਦਾ ਇੱਕੋ ਇੱਕ ਰਾਹ ਏਕਤਾ ਅਤੇ ਸੰਘਰਸ਼ ਹੀ ਹੈ। ਹਰਿਆਣਾ ਤੋਂ ਕਿਸਾਨ ਜਥੇਬੰਦੀ ਦੇ ਆਗੂ ਮੁਕੇਸ਼ ਖਾਸਾ ਅਤੇ ਸੁਸ਼ੀਲਾ ਖਾਸਾ ਨੇ ਮੋਰਚੇ ’ਚ ਪਹੁੰਚ ਕੇ ਸਟੇਜ ਤੋਂ ਹਰਿਆਣਾ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ਾਂ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਿਰੁੱਧ ਭਲਕੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰ ਕੇ ਇਕ ਵਜੇ ਤੋਂ ਬਾਅਦ ਐਕਸ਼ਨ ਕੀਤਾ ਜਾਵੇ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਕੌਰ ਪਿੱਥੋ ਨੇ ਨਿਭਾਈ। ਅੱਜ ਸਟੇਜ ਤੋਂ ਮਾਲਣ ਕੌਰ ਨੇ ਵੀ ਸੰਬੋਧਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਕੜਾਕੇ ਦੀ ਠੰਢ ਦੌਰਾਨ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿਨ-ਰਾਤ ਦੇ ਪੱਕੇ ਧਰਨੇ ਅੱਜ ਅੱਠਵੇਂ ਦਿਨ ਵੀ ਜਾਰੀ ਰਹੇ। ਅੱਜ ਦੇ ਧਰਨਿਆਂ ਦੀ ਸ਼ੁਰੂਆਤ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤੇ ਗਏ। ਉਨ੍ਹਾਂ ਦੀ ਯਾਦ ਵਿੱਚ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਿਆ ਗਿਆ।
ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਦੋ ਦਿਨਾਂ ਜਾਂ ਹਫ਼ਤੇ ਵਿੱਚ ਲਾਗੂ ਕਰਨ ਵਾਲੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੇ ਅਧਿਕਾਰੀਆਂ ਦੇ ਘਿਰਾਓ ਕਰਨ ਦਾ ਐਲਾਨ ਕੀਤਾ। ਮਾਨਸਾ ਦੇ ਡੀਸੀ ਦਫ਼ਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਉਸ ਸਮੇਂ ਦੀਆਂ ਹਕੂਮਤਾਂ ਨਾਲ ਜੰਗ ਲੜੀ, ਹੱਕ-ਸੱਚ ਇਨਸਾਫ਼ ਲਈ ਲੜਨ ਦਾ ਰਸਤਾ ਚੁਣਿਆ ਤੇ ਇਸ ਰਸਤੇ ’ਤੇ ਚੱਲਦਿਆਂ ਪਿਤਾ-ਮਾਤਾ, ਚਾਰ ਸਾਹਿਬਜ਼ਾਦੇ ਅਤੇ ਖੁਦ ਕੁਰਬਾਨ ਹੋ ਗਏ, ਪਰ ਸਮੇਂ ਦੀਆਂ ਹਕੂਮਤਾਂ ਅੱਗੇ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਚੱਲ ਰਹੇ ਸੰਘਰਸ਼ ਵੀ ਗੁਰੂਆਂ ਦੀ ਪ੍ਰੇਰਨਾ ਹੀ ਹਨ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜਗਸੀਰ ਸਿੰਘ ਜਵਾਹਰਕੇ, ਉੱਤਮ ਸਿੰਘ ਰਾਮਾਨੰਦੀ, ਅਜੈਬ ਸਿੰਘ, ਭੋਲਾ ਸਿੰਘ ਮਾਖਾ, ਕਾਲਾ ਸਿੰਘ ਮੰਡੇਰ, ਜਗਦੇਵ ਸਿੰਘ ਭੈਣੀਬਾਘਾ, ਪਲਵਿੰਦਰ ਕੌਰ ਬੱਛੂਆਣਾ, ਪ੍ਰਿੰਸ ਦਿਆਲਪੁਰਾ, ਗੁਰਪਿੰਦਰ ਸਿੰਘ ਆਦਮਕੇ ਨੇ ਵੀ ਸੰਬੋਧਨ ਕੀਤਾ।
ਜ਼ਿਲ੍ਹਾ ਸਕੱਤਰੇਤ ਅੱਗੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਵੱਲੋਂ ਪ੍ਰਦਰਸ਼ਨ
ਮੋਗਾ (ਮਹਿੰਦਰ ਸਿੰਘ ਰੱਤੀਆਂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਸਕੱਤਰੇਤ ਅੱਗੇ ਦਿਨ ਰਾਤ ਦਾ ਅੱਜ ਵੀ ਜਾਰੀ ਰਿਹਾ। ਇਸ ਮੌਕੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਦੱਸਿਆ ਉਨ੍ਹਾਂ ਕੋਲ ਸਿਰਫ਼ ਹੁਣ ਤਸਵੀਰਾਂ ਹੀ ਬਚੀਆਂ ਹਨ। ਇਸ ਮੌਕੇ ਜਥੇਬੰਦੀ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘਾਲੀ ਨੇ ਕਿਹਾ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਲਈ ਜਾਬ ਵਿਧਾਨ ਸਭਾ ਦੀ ਕਮੇਟੀ ਬਣਨ ਬਾਅਦ ਵੀ ਕਿਸੇ ਪਰਿਵਾਰ ਨੂੰ ਕੋਈ ਮਾਲੀ ਮਦਦ ਨਹੀਂ ਮਿਲੀ। ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੇ ਐਲਾਨ ਨੂੰ ਅਮਲੀ ਰੂਪ ਦੇਣ ਲਈ ਵੀ ਵਿਧਾਨ ਸਭਾ ਕਮੇਟੀ ਨੇ ਸੁਝਾਅ ਦਿੱਤੇ ਸਨ। ਇਸ ਮੌਕੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਨਤਾ ਉੱਤੇ ਤਸ਼ਦਦ ਢਾਹਿਆ ਜਾ ਰਿਹਾ ਹੈ ਤੇ ਚੰਨੀ ਸਰਕਾਰ ਵੀ ਤਾਨਾਸ਼ਾਹੀ ਵਾਲੇ ਰਸਤੇ ਪੈ ਚੁੱਕੀ ਹੈ ਅਤੇ ਹੱਕ ਮੰਗਣ ਵਾਲਿਆਂ ਉੱਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ।