ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਦਸੰਬਰ
ਇਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਵੱਲੋਂ 59ਵਾਂ ਰਾਸ਼ਟਰੀ ਫਾਰਮੇਸੀ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦਾ ਥੀਮ ‘ਫਾਰਮਾਸਿਸਟ: ਫਰੰਟਲਾਈਨ ਹੈਲਥਕੇਅਰ ਪੇਸ਼ੇਵਰ’ ਸੀ। ਇਸੇ ਤਹਿਤ ਵੱਖ-ਵੱਖ ਪ੍ਰੋਗਰਾਮ ਆਫ਼ਲਾਈਨ ਅਤੇ ਆਨਲਾਈਨ ਢੰਗ ਨਾਲ ਕਰਵਾਏ ਗਏ। ਨੈਸ਼ਨਲ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ ਫਾਰਮਾਸਿਸਟਾਂ ਦੇ ਸਹੁੰ ਚੁੱਕ ਸਮਾਗਮ ਨਾਲ ਹੋਈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਹੁਲ ਦੇਸ਼ਮੁਖ, ਸੀਨੀਅਰ ਫੈਕਲਟੀ ਮੈਂਬਰ ਪ੍ਰੋ. (ਡਾ.) ਆਸ਼ੀਸ਼ ਬਾਲਦੀ, ਡਾ. ਉੱਤਮ ਕੁਮਾਰ ਮੰਡਲ ਅਤੇ ਡਾ. ਅਮਿਤ ਭਾਟੀਆ ਨੇ ਸਿਹਤ ਸੰਭਾਲ ਪ੍ਰਣਾਲੀ ਵਿਚ ਫਾਰਮਾਸਿਸਟਾਂ ਦੀ ਭੂਮਿਕਾ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਇਸ ਤੋਂ ਇਲਾਵਾ ਵਿਭਾਗ ਵਲੋਂ ਇਸ ਹਫ਼ਤੇ ਦੌਰਾਨ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਕੁਇਜ਼, ਘਰੇਲੂ ਬਣਾਏ ਮਾਡਲ, ਸਿਹਤ ਪ੍ਰੇਰਕ ਵੀਡੀਓ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਡਾ. ਤਨੁਸ਼ਕਾ ਨੇ ਸਮਾਗਮ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਜੇਤੂਆਂ ਦਾ ਐਲਾਨ ਕੀਤਾ। ਉਧਰ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋਫੈਸਰ (ਡਾ.) ਬੂਟਾ ਸਿੰਘ ਸਿੱਧੂ ਨੇ ਫਾਰਮੇਸੀ ਦੇ ਪੂਰੇ ਭਾਈਚਾਰੇ ਤੇ ਜੇਤੂਆਂ ਨੂੰ ਵਧਾਈ ਦਿੱਤੀ।