ਮਨੋਜ ਸ਼ਰਮਾ
ਬਠਿੰਡਾ, 24 ਸਤੰਬਰ
ਇਥੇ ਸਵੇਰ ਤੋਂ ਪੈ ਰਹੇ ਮੀਂਹ ਨੇ ਇਲਾਕੇ ਦੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨੇ ਝੋਨੇ ਦੀ ਫ਼ਸਲ ਦਾ ਨੁਕਸਾਨ ਤਾਂ ਕੀਤਾ ਹੀ ਹੈ, ਉੱਥੇ ਨਰਮੇ ਦੀ ਫਸਲ ਵੀ ਨੁਕਸਾਨੀ ਗਈ ਹੈ। ਮੌਸਮ ਵਿਭਾਗ ਵੱਲੋਂ ਪੇਸ਼ੀਗਨੋਈ ਕੀਤੀ ਹੋਈ ਸੀ ਕਿ ਮਾਲਵਾ ਖੇਤਰ ਵਿੱਚ ਝੜੀ ਲੱਗੇਗੀ ਪਰ ਨਾਲ ਹੀ ਪੱਛਮੀ ਮਾਲਵੇ ਦੇ ਜ਼ਿਲ੍ਹਾ ਬਠਿੰਡਾ, ਫਰੀਦਕੋਟ, ਮੋਗਾ, ਮੁਕਤਸਰ ਤੇ ਫ਼ਾਜ਼ਿਲਕਾ ਵਿੱਚ ਹਲਕੀ ਬਾਰਸ਼ ਨਾਲ ਕੁਝ ਜ਼ਿਲ੍ਹਿਆਂ ਦੇ ਖੇਤਰਾਂ ਵਿੱਚ ਮੌਸਮ ਖੁਸ਼ਕ ਰਹਿਣ ਦਾ ਜ਼ਿਕਰ ਵੀ ਕੀਤਾ ਗਿਆ ਸੀ। ਅੱਜ ਸਵੇਰ ਤੋਂ ਹੀ ਆਰੰਭ ਹੋਈ ਬਾਰਸ਼ ਨੇ ਬਠਿੰਡਾ ਤੇ ਆਸਪਾਸ ਦੇ ਖੇਤਰਾਂ ਨੂੰ ਜਲਥਲ ਕਰ ਦਿੱਤਾ। ਮੀਂਹ ਕਾਰਨ ਹਰੇ ਚਾਰੇ ਸਮੇਤ ਸਰਦ ਰੁੱਤ ਦੀਆਂ ਸਬਜ਼ੀਆਂ ਨੂੰ ਵੀ ਨਕਸਾਨ ਹੋਇਆ ਹੈ।
ਕਿਸਾਨਾਂ ਨੇ ਕਿਹਾ ਕਿ ਭਾਵੇਂ ਅੱਜ ਮਾਲਵਾ ਖੇਤਰ ਵਿੱਚ ਝੋਨੇ ਦੀ ਫਸਲ ਮੰਡੀਆਂ ਵਿੱਚ ਨਹੀਂ ਆਈ ਪਰ ਝੋਨੇ ਦੇ ਬੂਟਿਆਂ ’ਤੇ ਲੱਗੇ ਬੂਰ ’ਤੇ ਮਾੜਾ ਅਸਰ ਪਿਆ ਹੈ। ਨਰਮਾ ਪੱਟੀ ਵਿੱਚ ਪਹਿਲਾਂ ਹੀ ਚਿੱਟੀ ਤੇ ਗੁਲਾਬੀ ਸੁੰਡੀ ਕਾਰਨ ਫ਼ਸਲ ਖ਼ਰਾਬ ਹੋ ਗਈ ਸੀ ਤੇ ਹੁਣ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ ਹੈ।
ਬਠਿੰਡਾ ਵਿੱਚ 43 ਐੱਮਐੱਮ ਤੋਂ ਵਧ ਮੀਂਹ ਪਿਆ: ਖੇਤੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਵਿੱਚ ਦੁਪਹਿਰ ਤੱਕ 43 ਐੱਮਐੱਮ ਬਾਰਸ਼ ਦਰਜ ਕੀਤੀ ਗਈ ਅਤੇ ਬਠਿੰਡਾ ਦਾ ਤਾਪਮਾਨ ਘੱਟ ਤੋਂ ਘੱਟ 21.2 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਦੇ ਨੀਵੇਂ ਖੇਤਰ ਵਾਲੀਆਂ ਸੜਕਾਂ ਵਿੱਚ ਪਾਣੀ ਭਰ ਗਿਆ। ਖੇਤੀ ਮਾਹਰ ਡਾ. ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਖੇਤਰੀ ਖੋਜ ਬਠਿੰਡਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਅਨੁਸਾਰ ਮਾਲਵਾ ਖੇਤਰ ਵਿੱਚ 25 ਅਤੇ 26 ਸਤੰਬਰ ਤਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਦੋ ਦਿਨਾਂ ਵਿੱਚ 12 ਐੱਮਐੱਮ ਬਾਰਸ਼ ਹੋ ਸਕਦੀ ਹੈ।
ਮੌੜ ਮੰਡੀ (ਜਗਤਾਰ ਅਨਜਾਣ): ਇਲਾਕੇ ਵਿੱਚ ਮੀਂਹ ਨੇ ਸਾਉਣੀ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਿਸਾਨ ਕਰਮ ਸਿੰਘ ਸਿੱਧੂ ਨੇ ਕਿਹਾ ਕਿ ਮੀਂਹ ਨੇ ਅੰਨਦਾਤੇ ਦੀਆਂ ਉਮੀਦਾਂ ਨੂੰ ਪਾਣੀ ਵਿੱਚ ਡੁੱਬੋ ਦਿੱਤਾ ਹੈ। ਕਿਸਾਨ ਆਗੂ ਸਿਕੰਦਰ ਸਿੰਘ ਘੁੰਮਣ, ਮਾਸਟਰ ਬਾਬੂ ਸਿੰਘ ਮੰਡੀ ਖੁਰਦ, ਜਸਵੀਰ ਸਿੰਘ ਬੁਰਜ ਸੇਮਾ ਨੇ ਮੰਗ ਕੀਤੀ ਹੈ ਕਿ ਮੀਂਹ ਕਾਰਨ ਘਰਾਂ ਤੇ ਟਿਊਬਵੈੱਲਾਂ ਦੇ ਨੁਕਸਾਨ ਦੀ ਪੜਤਾਲ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ਿਆਂ ਦਾ ਬੋਝ ਸਹਿ ਰਹੇ ਹਨ ਤੇ ਮੀਂਹ ਨੇ ਦਿੱਕਤਾਂ ਹੋਰ ਵਧਾ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮੇ ਅਤੇ ਮੂੰਗੀ ਦੀ ਫ਼ਸਲ ਦੀ ਗਿਰਦਾਵਰੀ ਕਰਵਾਈ ਜਾਵੇ ਤੇ ਸਰਕਾਰ ਵੱਲੋਂ ਭੇਜਿਆ ਮੁਆਵਜ਼ਾ ਤੁਰੰਤ ਖੇਤ ਮਜ਼ਦੂਰਾਂ ਵਿੱਚ ਵੰਡਿਆ ਜਾਵੇ।