ਮਨੋਜ ਸ਼ਰਮਾ
ਬਠਿੰਡਾ, 30 ਅਗਸਤ
ਸ਼ਾਹ ਚਮਨ ਯਾਦਗਾਰੀ ਟਰੱਸਟ ਵੱਲੋਂ ਸਾਹਿਤ ਸਭਾ ਬਠਿੰਡਾ ਦੇ ਸਹਿਯੋਗ ਨਾਲ ਕਰਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚਿੰਤਕ ਅਤੇ ਨਾਵਲਕਾਰ ਡਾ. ਮਨਮੋਹਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਵਿਸ਼ਲੇਸ਼ਣ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਸੀਂ ਜਦੋਂ ਵੀ ਨਿਰਾਸ਼ ਹੁੰਦੇ ਹਾਂ ਤਾਂ ਸ਼ਬਦ ਸਾਡਾ ਸਹਾਰਾ ਬਣਦੇ ਨੇ, ਸਾਨੂੰ ਨਿਰਾਸ਼ਾ ’ਚੋਂ ਬਾਹਰ ਕੱਢਦੇ ਹਨ ਤੇ ਆਪਣਾ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰਦੇ ਹਨ।’ ਇਸ ਦੌਰਾਨ ਡਾ. ਸੁਰਜੀਤ ਨੇ ‘ਕਿਸਾਨੀ ਅੰਦੋਲਨ ਅਤੇ ਸੱਭਿਆਚਾਰਕ ਸੰਦਰਭ’ ਵਿੱਚ ਭਾਸ਼ਣ ਦਿੱਤਾ। ਗੁਰਪ੍ਰੀਤ ਮਾਨਸਾ, ਡਾ. ਜਗਵਿੰਦਰ ਜੋਧਾ ਅਤੇ ਡਾ. ਨੀਤੂ ਅਰੋੜਾ ਨੂੰ ‘ਸ਼ਾਹ ਚਮਨ ਯਾਦਗਾਰੀ ਪੁਰਸਕਾਰ 2018’ ਦਿੱਤਾ ਗਿਆ। ਤਿੰਨਾਂ ਨੂੰ 21-21 ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਪੱਤਰ ਤੇ ਸ਼ਾਲ ਦੇ ਕੇ ਸਨਮਾਨਿਆ ਗਿਆ। ਕਥਾਕਾਰ ਸੁਖਜੀਤ ਨੇ ਆਪਣੀਆਂ ਕਹਾਣੀਆਂ ਦੇ ਪ੍ਰਤੀਕਾਂ ਦੀ ਗੱਲ ਕੀਤੀ। ਸ਼ਾਇਰ ਜਸਵੰਤ ਜ਼ਫਰ ਨੇ ਦੋ ਕਵਿਤਾਵਾਂ ਪੇਸ਼ ਕੀਤੀਆਂ। ਲੇਖਕ, ਕਵੀ ਤੇ ਨਾਵਲਕਾਰ ਰਾਮ ਸਿੰਘ ਨੇ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ। ਪਵਨ ਗੁਲਾਟੀ ਨੇ ਚਾਰ ਸਾਲਾਂ ਦੇ ਪੁਰਸਕਾਰਾਂ ਦਾ ਜ਼ਿਕਰ ਕੀਤਾ।