ਮਨੋਜ ਸ਼ਰਮਾ
ਬਠਿੰਡਾ, 5 ਜੁਲਾਈ
ਕਿਸਾਨਾਂ ਦੀ ਮੰਨੀਆਂ ਗਈਆਂ ਮੰਗਾਂ ਯਾਦ ਕਰਵਾਉਣ ਤੇ ਪੰਜਾਬ ਸਰਕਾਰ ਦੀ ਚੁੱਪੀ ਤੋੜਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਬਠਿੰਡਾ-ਮਾਨਸਾ ਸੜਕ ’ਤੇ ਜਾਮ ਲਾਇਆ ਗਿਆ। ਇੱਥੋਂ ਦੇ ਬੱਸ ਅੱਡਾ ਚੌਕ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ’ਤੇ ਪਰਾਲੀ ਸਾੜਨ ਸਬੰਧੀ ਪਾਏ ਕੇਸਾਂ ਤੇ ਜ਼ਮੀਨਾਂ ’ਤੇ ਕੀਤੀਆਂ ਗਈਆਂ ਲਾਲ ਐਂਟਰੀਆਂ ਸਬੰਧੀ ਪਿਛਲੇ ਸਮੇਂ ਜੈਤੋ ਦੌਰਾਨ ਕਿਸਾਨ ਮੋਰਚਾ ਲੱਗਿਆ ਸੀ ਜਿਸ ਦੌਰਾਨ ਜਗਸੀਰ ਸਿੰਘ ਜੱਗਾ ਪਿੰਡ ਕੋਟੜਾ ਕੌੜਾ ਸ਼ਹੀਦ ਹੋ ਗਿਆ ਸੀ ਅਤੇ ਸਰਕਾਰ ਨੇ ਮ੍ਰਿਤਕ ਕਿਸਾਨ ਦਾ ਸਮੁੱਚਾ ਕਰਜ਼ਾ ਮਾਫ਼ 15 ਲੱਖ ਰੁਪਏ ਨਗਦ ਸਹਾਇਤਾ ਅਤੇ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਆਦਾ ਕੀਤਾ ਸੀ, ਜਿਸ ਵਿਚ ਕੁਝ ਵਾਅਦੇ ਤਾਂ ਵਫ਼ਾ ਹੋਏ ਪਰ ਸਰਕਾਰ ਨੌਕਰੀ ਹਾਲੇ ਤੱਕ ਨਹੀਂ ਦਿੱਤੀ ਗਈ।
ਕਿਸਾਨਾਂ ਨੇ ਕਿਹਾ ਕਿ ਇਸ ਮਸਲੇ ਸਬੰਧੀ ਬਠਿੰਡਾ ਦੇ ਡੀਸੀ ਤੇ ਐਸਐਸਪੀ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ , ਪਰ ਉਹ ਮੀਟਿੰਗਾਂ ਬੇਸਿੱਟਾ ਹੀ ਨਿਕਲੀਆਂ। ਇਸ ਤੋਂ ਅੱਕੇ ਕਿਸਾਨ ਮੁੜ ਧਰਨਾ ਲਾਉਣ ਲਈ ਮਜਬੂਰ ਹੋਏ ਹਨ ਆਉਣ ਵਾਲੇ ਦਿਨਾਂ ’ਚ ਹੋਰ ਸਖਤ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਯੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ, ਅਰਜਨ ਸਿੰਘ ਫੂਲ, ਗੁਰਮੇਲ ਸਿੰਘ ਲਹਿਰਾ, ਰਣਜੀਤ ਸਿੰਘ ਜੀਦਾ, ਅੰਗਰੇਜ਼ ਸਿੰਘ ਨਥਾਣਾ, ਮਹਿਮਾ ਸਿੰਘ ਤਲਵੰਡੀ ਸਾਬੋ, ਭੋਲਾ ਸਿੰਘ ਰਾਮਪੁਰਾ, ਕੁਲਵੰਤ ਸਿੰਘ ਬਠਿੰਡਾ, ਜਬਰਜੰਗ ਸਿੰਘ ਸੰਗਤ ਬਲਵਿੰਦਰ ਸਿੰਘ ਮੌੜ ਆਦਿ ਆਗੂ ਸ਼ਾਮਲ ਸਨ।