ਗੁਰਦੇਵ ਸਿੰਘ ਸਿੱਧੂ
ਵੀਹਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਅਥਵਾ ਅਕਾਲੀ ਲਹਿਰ ਵਿਚ ਨਨਕਾਣਾ ਸਾਹਿਬ ਦੇ ਸਾਕੇ ਨੂੰ ਮਹੱਤਵਪੂਰਨ ਸਥਾਨ ਹਾਸਲ ਹੈ। ਵੀਹ ਫਰਵਰੀ 1921 ਨੂੰ ਗੁਰਦੁਆਰਾ ਜਨਮ ਅਸਥਾਨ ਉੱਤੇ ਕਾਬਜ਼ ਮਹੰਤ ਨਰੈਣ ਦਾਸ ਨੇ ਗੁਰਦੁਆਰੇ ਵਿਚ ਨਤਮਸਤਕ ਹੋ ਰਹੇ ਸ਼ਾਂਤਮਈ ਸਿੱਖਾਂ ਉੱਤੇ ਆਤਸ਼ੀ ਹਥਿਆਰਾਂ, ਛਵੀਆਂ, ਗੰਡਾਸਿਆਂ ਆਦਿ ਨਾਲ ਹਮਲਾ ਕਰ ਕੇ ਇਕ ਸੌ ਦੇ ਕਰੀਬ ਬੇਗੁਨਾਹ ਗੁਰੂ ਪਿਆਰਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਅਕਾਲੀ ਲਹਿਰ ਦੌਰਾਨ ਇਸ ਸਾਕੇ ਦਾ ਜ਼ਿਕਰ ਹੁੰਦਾ ਰਿਹਾ, ਪਰ ਪਿੱਛੋਂ ਗੱਲ ਮੱਧਮ ਪੈ ਗਈ। ਬੇਸ਼ੱਕ ਸਾਕੇ ਦੇ ਮਹੱਤਵ ਕਾਰਨ ਅਕਾਲੀ ਲਹਿਰ ਬਾਰੇ ਲਿਖੀ ਹਰ ਪੁਸਤਕ ਵਿਚ ਇਸ ਦਾ ਜ਼ਿਕਰ ਮਿਲਦਾ ਹੈ, ਪਰ ਸਿੱਖ ਪੰਥ ਵਿਚ ਕੁਰਬਾਨੀ ਦੀ ਭਾਵਨਾ ਪੈਦਾ ਕਰਨ ਲਈ ਨਵਾਂ ਜੋਸ਼ ਭਰਨ ਵਾਲੀ ਇਸ ਘਟਨਾ ਬਾਰੇ ਸੁਤੰਤਰ ਰੂਪ ਵਿਚ ਘੱਟ ਹੀ ਲਿਖਿਆ ਗਿਆ। ਇਸ ਘਾਟ ਨੂੰ ਪੂਰੀ ਕਰਨ ਵਾਸਤੇ ਕਿਸੇ ਵਿਸ਼ੇਸ਼ ਘਟਨਾ ਨੂੰ ਉਸ ਦੀ ਸ਼ਤਾਬਦੀ ਮੌਕੇ ਮੁੜ ਚਿਤਵਣ ਦੀ ਰਵਾਇਤ ਅਨੁਸਾਰ ‘ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਵਿਸ਼ੇਸ਼ ਇਤਿਹਾਸਕ ਅਵਸਰ ’ਤੇ ਸਾਕੇ ਸੰਬੰਧੀ’ ਡਾਕਟਰ ਗੁਰਤੇਜ ਸਿੰਘ ਠੀਕਰੀਵਾਲਾ ਨੇ ਪੁਸਤਕ ‘ਸਾਕਾ ਸ੍ਰੀ ਨਨਕਾਣਾ ਸਾਹਿਬ: ਸਮਕਾਲੀ ਅਖ਼ਬਾਰਾਂ ਦੀ ਜ਼ੁਬਾਨੀ’ (ਕੀਮਤ: 350 ਰੁਪਏ; ਪ੍ਰਕਾਸ਼ਕ ਸਿੰਘ ਬ੍ਰਦਰਜ਼, ਅੰਮ੍ਰਿਤਸਰ) ਦੀ ਰਚਨਾ ਕੀਤੀ। ਲੇਖਕ ਦੇ ਦੱਸਣ ਅਨੁਸਾਰ ‘‘ਪੁਸਤਕ ਦੀ ਵਿਸ਼ਾ ਬਣਤਰ ਮੁੱਖ ਤੌਰ ’ਤੇ ਦੋ ਹਿੱਸਿਆਂ ਵਿਚ ਵੰਡੀ ਗਈ ਹੈ। ਪੁਸਤਕ ਦੇ ਪਹਿਲੇ ਭਾਗ ਦਾ ਪਹਿਲਾ ਅਧਿਆਇ ਸ੍ਰੀ ਨਨਕਾਣਾ ਸਾਹਿਬ ਦੇ ਪਿਛੋਕੜ ਅਤੇ ਐਸਟੇਟ ਦੀ ਜਾਣ-ਪਛਾਣ ਬਾਰੇ ਹੈ। ਇਸ ਅਧਿਆਇ ਲਈ ਤੱਥਪੂਰਨ ਸਹਾਇਤਾ ਸ. ਨਰੈਣ ਸਿੰਘ ਐਮ.ਏ. ਮੈਨੇਜਰ (1932 ਤੋਂ 1947 ਈਸਵੀ ਤੱਕ) ਸ੍ਰੀ ਨਨਕਾਣਾ ਸਾਹਿਬ ਦੀ ਲਿਖਤ ਵਿਚੋਂ ਵੀ ਲਈ ਗਈ ਹੈ। ਦੂਸਰੇ ਅਧਿਆਇ ਵਿਚ ਸਾਕੇ ਸਬੰਧੀ ਸਮੁੱਚਾ ਅਧਿਐਨ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਅਦਾਲਤੀ ਬਿਆਨਾਂ/ਗਵਾਹੀਆਂ ਦੇ ਆਧਾਰ ’ਤੇ ਕੀਤਾ ਗਿਆ ਹੈ। ਦੂਸਰੇ ਭਾਗ ਵਿਚ ਫਸਟ ਅਦਾਲਤ, ਸੈਸ਼ਨ ਅਦਾਲਤ ਵਿਚਲੇ ਬਿਆਨਾਂ/ਗਵਾਹੀਆਂ ਅਤੇ ਅਦਾਲਤੀ ਫ਼ੈਸਲਿਆਂ (ਜਿਸ ਰੂਪ ਵਿਚ ਅਖ਼ਬਾਰਾਂ ਵਿਚੋਂ ਪ੍ਰਾਪਤ ਹੋਏ ਹਨ) ਨੂੰ ਹੂ-ਬ-ਹੂ ਅੰਕਿਤ ਕੀਤਾ ਗਿਆ ਹੈ।’’ ਇਸ ਦੂਸਰੇ ਭਾਗ ਵਿਚ ‘ਸਾਕੇ ਉਪਰੰਤ ਮਹੰਤ ਨਰੈਣ ਦਾਸ ਅਤੇ ਸਾਥੀਆਂ ਦੀ ਪੁਲੀਸ ਹਿਰਾਸਤ ਤੋਂ ਲੈ ਕੇ ਫਾਂਸੀ ਦੀ ਸਜ਼ਾ ਹੋਣ ਅਤੇ ਅਖੀਰ ਮੁਆਫ਼ ਹੋਣ’ ਤੱਕ ਦੀ ਘਟਨਾਵਲੀ ਬਾਰੇ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ। ਭਾਵੇਂ ਤਤਕਾਲੀਨ ਲਗਭਗ ਇਕ ਦਰਜਨ ਅਖ਼ਬਾਰਾਂ ਜਿਨ੍ਹਾਂ ਵਿਚ ਪੰਜਾਬੀ ਅਖ਼ਬਾਰ ਖਾਲਸਾ ਸਮਾਚਾਰ, ਅਕਾਲ ਸੇਵਕ, ਅਕਾਲੀ, ਪੰਥ ਸੇਵਕ, ਪੰਚ, ਪੰਜਾਬ ਦਰਪਨ, ਗੜਗੱਜ ਅਕਾਲੀ, ਪ੍ਰਦੇਸੀ ਖਾਲਸਾ ਅਤੇ ਰਣਜੀਤ; ਅਤੇ ਅੰਗਰੇਜ਼ੀ ਅਖ਼ਬਾਰ ਟ੍ਰਿਬਿਊਨ ਅਤੇ ਖਾਲਸਾ ਐਡਵੋਕੇਟ ਸ਼ਾਮਲ ਹਨ, ਵਿਚੋਂ ਦੋਵਾਂ ਅਦਾਲਤਾਂ ਵਿਚ ਭੁਗਤੇ ਲਗਭਗ ਸਾਢੇ ਪੰਜ ਸੌ ਗਵਾਹਾਂ ਵਿਚੋਂ ਦੋ ਕੁ ਸੌ ਦੀਆਂ ਗਵਾਹੀਆਂ ਹੀ ਮਿਲ ਸਕੀਆਂ ਹਨ ਪਰ ਪ੍ਰਾਪਤ ਗਵਾਹੀਆਂ ਵਿਚ ਇਸਤਗਾਸਾ ਅਤੇ ਬਚਾਉ ਪੱਖ ਦੇ ਖ਼ਾਸ ਖ਼ਾਸ ਗਵਾਹਾਂ ਦੀਆਂ ਗਵਾਹੀਆਂ ਪ੍ਰਾਪਤ ਹੋਣ ਕਾਰਨ ਅਪ੍ਰਾਪਤ ਗਵਾਹੀਆਂ ਦਾ ਮਹੱਤਵ ਨਹੀਂ ਰਹਿੰਦਾ।
ਨਨਕਾਣਾ ਸਾਹਿਬ ਦਾ ਸਾਕਾ ਵਰਤਣ ਸਮੇਂ ਦੇ ਅਖ਼ਬਾਰਾਂ ਦੇ ਹਵਾਲੇ ਨਾਲ ਲੇਖਕ ਨੇ ਇਸ ਦੁਖਦਾਈ ਕਾਂਡ ਦੇ ਕਈ ਨਵੇਂ ਪੱਖ ਉਜਾਗਰ ਕੀਤੇ ਹਨ। ਡਾਕਟਰ ਗੁਰਤੇਜ ਸਿੰਘ ਦੇ ਦੱਸਣ ਅਨੁਸਾਰ ਮਹੰਤ ਨਰੈਣ ਦਾਸ ਨੇ ‘‘ਨੇੜੇ ਤੇੜੇ ਦੇ ਜਥਿਆਂ ਵਿਚ ਆਪਣੇ ਜਾਸੂਸ ਅਕਾਲੀ ਭੇਸ ਵਿਚ ਭੇਜ ਦਿੱਤੇ। ਇਨ੍ਹਾਂ ਜਾਸੂਸਾਂ ਨੇ ਜਥਿਆਂ ਨੂੰ ਉਕਸਾਇਆ ਕਿ ਜਦ 20 ਫਰਵਰੀ ਨੂੰ ਮਹੰਤ ਨੇ ਲਾਹੌਰ ਕਾਨਫਰੰਸ ’ਤੇ ਜਾਣਾ ਹੈ ਤਾਂ ਉਸ ਦਿਨ ਨਨਕਾਣਾ ਸਾਹਿਬ ਖਾਲੀ ਹੋਵੇਗਾ ਤਾਂ ਉਸ ਦਿਨ ਧਾਵਾ ਬੋਲ ਕੇ ਪਾਪੀ ਤੋਂ ਗੁਰ ਅਸਥਾਨ ਬਚਾ ਲੈਣਾ ਚਾਹੀਦਾ ਹੈ।’’ ਸੈਂਕੜੇ ਨਿਰਦੋਸ਼ ਗੁਰੂ-ਪਿਆਰੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਸਾਜ਼ਿਸ਼ਕਾਰ ਅਤੇ ਦੋਸ਼ੀ ਮਹੰਤ ਨਰੈਣ ਦਾਸ ਨੂੰ ਮਿਲੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੇ ਜਾਣ ਨੂੰ ਅਕਸਰ ਅੰਗਰੇਜ਼ੀ ਨਿਆਂ ਪ੍ਰਣਾਲੀ ਦੀ ਕਮਜ਼ੋਰੀ ਵਜੋਂ ਲਿਆ ਜਾਂਦਾ ਹੈ ਪਰ ਲੇਖਕ ਨੇ ਸਪਸ਼ਟ ਕੀਤਾ ਹੈ ਕਿ ਅਜਿਹਾ ਹੋਣ ਲਈ ‘ਸਿੱਖ ਲੀਗ ਦੇ ਨਾ-ਮਿਲਵਰਤਣ ਦੇ ਪ੍ਰਭਾਵ ਹੇਠ ਸਿੱਖ ਆਗੂਆਂ ਅਤੇ ਸੰਸਥਾਵਾਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ) ਦੀ ਅਦਾਲਤੀ ਕਾਰਵਾਈ ਤੋਂ ਬੇਰੁਖ਼ੀ’ ਵੀ ਜ਼ਿੰਮੇਵਾਰ ਸੀ। ਸਿੱਖ ਸੰਸਥਾਵਾਂ ਵੱਲੋਂ ਨਾ-ਮਿਲਵਰਤਣ ਦਾ ਪੈਂਤੜਾ ਅਪਨਾਉਣ ਨਾਲ ‘ਸਰਕਾਰ, ਜੋ ਪਹਿਲਾਂ ਇਸ ਲਹਿਰ ਨੂੰ ਕੇਵਲ ਧਾਰਮਿਕ ਸਮਝਦੀ ਸੀ, ਹੁਣ ਆਪਣਾ ਰਾਜਸੀ ਵਿਰੋਧੀ ਸਮਝਣ ਲੱਗੀ’ ਅਤੇ ਅਕਾਲੀ ਲਹਿਰ ਨੂੰ ਸਖ਼ਤੀ ਵਰਤ ਕੇ ਦਬਾਉਣ ਦੇ ਰਾਹ ਪੈ ਗਈ।
ਪੁਸਤਕ ਵਿਚ 85 ਸ਼ਹੀਦ ਸਿੰਘਾਂ ਦੀ ਪਿਤਾ ਦੇ ਨਾਂ ਅਤੇ ਥਾਂ-ਟਿਕਾਣੇ ਦਾ ਪਤਾ ਦਰਸਾਉਂਦੀ ਸੂਚੀ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਤਤਕਾਲੀਨ ਨਕਸ਼ਾ ਦੇਣ ਨਾਲ ਪੁਸਤਕ ਦਾ ਮਹੱਤਵ ਵਧਿਆ ਹੈ।
ਪੁਸਤਕ ਦੇ ਪਹਿਲੇ ਅਧਿਆਇ ਵਿਚ ਸ੍ਰੀ ਨਨਕਾਣਾ ਸਾਹਿਬ ਸਥਿਤ ਵਿਭਿੰਨ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ, ਇਨ੍ਹਾਂ ਦੇ ਪ੍ਰਬੰਧਕਾਂ ਦੇ ਨਾਂ, ਸਰੋਵਰਾਂ ਅਤੇ ਜਾਇਦਾਦ ਬਾਰੇ ਟੁੱਟਵੇਂ ਰੂਪ ਵਿਚ ਦਿੱਤੀ ਗਈ ਜਾਣਕਾਰੀ ਪਾਠਕ ਨੂੰ ਭੰਬਲਭੂਸੇ ਵਿਚ ਪਾਉਂਦੀ ਹੈ। ਉਦਾਹਰਨ ਵਜੋਂ ਗੁਰਦੁਆਰਾ ਬਾਲ ਲੀਲ੍ਹਾ ਬਾਰੇ ਇਹ ਜਾਣਕਾਰੀ ਕ੍ਰਮਵਾਰ ਪੰਨਾ 22, 26, 29 ਅਤੇ 41 ਉੱਤੇ ਦਰਜ ਹੈ। ਦੂਜੇ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਵੀ ਇਉਂ ਹੀ ਦਿੱਤੀ ਗਈ ਹੈ। ਪਾਠਕਾਂ ਦੀ ਸੁਖੈਨਤਾ ਲਈ ਸਾਰੀ ਜਾਣਕਾਰੀ ਇਕੋ ਥਾਂ ਦਰਜ ਕਰਨੀ ਢੁੱਕਵੀਂ ਹੋਣੀ ਸੀ। ਸਮੁੱਚੇ ਰੂਪ ਵਿਚ ਪੁਸਤਕ ਇਤਿਹਾਸ ਦੇ ਖੋਜੀਆਂ ਵਾਸਤੇ ਲਾਭਕਾਰੀ ਹੈ।
ਸੰਪਰਕ: 94170-49417