ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਮਈ
ਹਰਿਆਣਾ ਦੇ ਰਾਜਪੂਤਾਂ ਨੇ ਵੀ ਭਾਜਪਾ ਤੋਂ ਦੂਰੀ ਬਣਾ ਲਈ ਹੈ। ਮਹਾਰਾਣਾ ਪ੍ਰਤਾਪ ਜੈਯੰਤੀ ਮੌਕੇ ਅੰਬਾਲਾ ਜ਼ਿਲ੍ਹੇ ਦੇ ਸ਼ਾਹਜ਼ਾਦਪੁਰ ਕਸਬੇ ਵਿਚ ਕਸ਼ੱਤਰੀ ਸਵੈ ਅਭਿਮਾਨ ਮਹਾ-ਪੰਚਾਇਤ ਕੀਤੀ ਗਈ। ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕਸ਼ੱਤਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਡਾ. ਰਾਜ ਸ਼ੇਖਾਵਤ ਨੇ ਭਾਜਪਾ ਨੂੰ ਹਰਾਉਣ ਵਾਲੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਰਾਜਪੂਤ ਬਰਾਦਰੀ ਨੂੰ ਕਿਹਾ ਕਿ ਆਪੋ-ਆਪਣੇ ਲੋਕ ਸਭਾ ਹਲਕਿਆਂ ਵਿਚ ਭਾਜਪਾ ਉਮੀਦਵਾਰ ਨੂੰ ਹਰਾਉਣ ਦੇ ਸਮਰੱਥ ਉਮੀਦਵਾਰ ਨੂੰ ਵੋਟ ਪਾਈ ਜਾਵੇ। ਇਸ ਸਮਾਗਮ ਲਈ ਬ੍ਰਹਮਪਾਲ ਰਾਣਾ, ਵਰਿੰਦਰ ਰਾਣਾ ਬਿੱਟੂ ,ਅਨਿਲ ਰਾਣਾ, ਭੂਮ ਸਿੰਘ ਰਾਣਾ, ਪ੍ਰੀਤਪਾਲ ਸਿੰਘ ਰਾਣਾ ਖੁੱਡਾ ਆਦਿ ਦਾ ਵੱਡਾ ਯੋਗਦਾਨ ਰਿਹਾ।
ਡਾ. ਸ਼ੇਖਾਵਤ ਨੇ ਕਿਹਾ ਕਿ ਭਾਜਪਾ ਹੁਣ ਰਾਜਪੂਤਾਂ ਨੂੰ ਨਫ਼ਰਤ ਕਰਨ ਲੱਗ ਪਈ ਹੈ, ਹਰ ਸੂਬੇ ਵਿੱਚ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੀ ਪੁਲੀਸ ਵੱਲੋਂ ਰਾਜਪੂਤ ਨੌਜਵਾਨਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਉਹ ਭੁੱਲਿਆ ਨਹੀਂ ਜਾ ਸਕਦਾ।
ਡਾ. ਸ਼ੇਖਾਵਤ ਨੇ ਕਿਹਾ ਕਿ ਭਾਜਪਾ ਹੰਕਾਰ ਨਾਲ ਰਾਜ ਕਰਨਾ ਚਾਹੁੰਦੀ ਹੈ ਜਦੋਂਕਿ ਇਤਿਹਾਸ ਗਵਾਹ ਹੈ ਕਿ ਰਾਜਪੂਤ ਸਮਾਜ ਨੇ ਹਮੇਸ਼ਾ ਹੰਕਾਰ ਦਾ ਟਾਕਰਾ ਕੀਤਾ ਹੈ। ਹੁਣ ਚੋਣਾਂ ਦਾ ਸਮਾਂ ਹੈ ਅਜਿਹੇ ਵਿਚ ਰਾਜਪੂਤਾਂ ਨੂੰ ਇਕਜੁੱਟ ਹੋ ਕੇ ਭਾਜਪਾ ਖਿਲਾਫ਼ ਲੜਨਾ ਪਵੇਗਾ।