ਮੇਜਰ ਸਿੰਘ ਮੱਟਰਾਂ
ਭਵਾਨੀਗੜ, 7 ਅਕਤੂਬਰ
ਇੱਥੋਂ ਨੇੜਲੀ ਫੈਕਟਰੀ ਪੈਪਸੀਕੋ ਇੰਡੀਆ ਚੰਨੋਂ ਦੀ ਮੈਨੇਜਮੈਂਟ ਅਤੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਨੁਮਾਇੰਦਿਆਂ ਦਰਮਿਆਨ ਕਈ ਗੇੜਾਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਪੈਪਸੀਕੋ ਪ੍ਰੋਡਕਟ ਜੂਸ ਅਤੇ ਚਿਪਸ ਦੀ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਢੋਆਈ ਕਰਨ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ। ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ ਡੀਜ਼ਲ, ਸਪੇਅਰ ਪਾਰਟਸ, ਟੈਕਸਾਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖ ਕੇ ਯੂਨੀਅਨ ਵੱਲੋਂ ਢੋਆਈ ਦੇ ਰੇਟ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਪੈਪਸੀਕੋ ਮੈਨੇਜਮੈਂਟ ਦੇ ਅਧਿਕਾਰੀ ਚੰਦਨ, ਗੌਰਵ ਅਤੇ ਪਵਿੱਤਰ ਸਿੰਘ ਨਾਲ ਮੀਟਿੰਗ ਦੌਰਾਨ ਅੱਜ ਜੂਸ ਦੀ ਢੋਆਈ ਦੇ ਰੇਟ ਵਿਚ ਓਵਰਆਲ 8 ਫੀਸਦੀ ਵਾਧਾ ਕੀਤਾ ਗਿਆ, ਜਦੋਂ ਕਿ ਤਰਨਾ ਵੇਲੀ ਤੇ ਜਮਸ਼ੇਦਪੁਰ ਸ਼ਹਿਰਾਂ ਲਈ 11 ਫੀਸਦੀ ਵਧਾਏ ਗਏ। ਇਸ ਤੋਂ ਇਲਾਵਾ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਸੁਜਾਨਪੁਰ ਸੀਐਫਏ ਅਤੇ ਦੇਹਰਾਦੂਨ ਸੀਐਫਏ ਆਦਿ ਸਟੇਸ਼ਨਾਂ ਦੇ ਰੇਟ 7.25 ਫੀਸਦੀ ਵਧਾਏ ਗਏ ਤੇ ਬਾਕੀ ਸੀਐਫਏ ਦੇ ਰੇਟ 9 ਫੀਸਦੀ ਵਧਾਏ ਗਏ। ਚਿਪਸ ਦੇ ਸੀਐਫਏ ਦੇ ਦੋ ਪਾਰਟੀ ਰੇਟ ਵਧਾ ਕੇ 950 ਰੁਪਏ ਕਰ ਦਿੱਤੇ ਗਏ। ਉਨਾਂ ਦੱਸਿਆ ਕਿ ਇਹ ਸਾਰੇ ਟਰੱਕ ਅਪਰੇਟਰ ਵੀਰਾਂ ਦੇ ਸਹਿਯੋਗ ਨਾਲ ਹੋਇਆ ਹੈ। ਮੀਟਿੰਗ ਵਿੱਚ ਵਿੱਕੀ ਬਾਜਵਾ, ਟਿੰਕੂ ,ਪ੍ਰੀਤਮ ਸਿੰਘ ਫੱਗੂਵਾਲਾ, ਹਰਦੀਪ ਸਿੰਘ ਮਾਹੀ ,ਗੁਰਪ੍ਰੀਤ ਸਿੰਘ,ਅਵਤਾਰ ਸਿੰਘ, ਰਾਜਵਿੰਦਰ ਚਹਿਲ, ਕਾਕਾ ਫੱਗੂਵਾਲਾ, ਲਖਵਿੰਦਰ, ਸੋਨੂੰ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।