ਮੁੰਬਈ, 28 ਦਸੰਬਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਦੇਸ਼ ਵਿਕਾਸ ਦੀਆਂ ਵਧਦੀਆਂ ਸੰਭਾਵਨਾਵਾਂ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਪ੍ਰਮੁੱਖ ਅਰਥਚਾਰਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੇਸ਼ ਦੇ ਅਰਥਚਾਰੇ ਨੂੰ ਦਰਪੇਸ਼ ਕਿਸੇ ਵੀ ਜੋਖਮ ਨਾਲ ਸਿੱਝਣ ਲਈ ਫੌਰੀ ਅਤੇ ਫ਼ੈਸਲਾਕੁਨ ਕਾਰਵਾਈ ਲਈ ਵਚਨਬੱਧ ਹੈ। ਦਾਸ ਨੇ ਆਰਬੀਆਈ ਦੀ ਵਿੱਤੀ ਸਥਿਰਤਾ ਰਿਪੋਰਟ (ਐੱਫਐੱਸਆਰ) ਦੇ 28ਵੇਂ ਅੰਕ ਦੀ ਭੂਮਿਕਾ ’ਚ ਲਿਖਿਆ ਹੈ ਕਿ ਆਲਮੀ ਅਰਥਚਾਰਾ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਭਾਰਤੀ ਆਰਥਿਕਤਾ ਇਕ ਮਜ਼ਬੂਤ ਪ੍ਰਣਾਲੀ ਨਾਲ ਮਜ਼ਬੂਤੀ ਦਿਖਾ ਰਹੀ ਹੈ। ਆਰਬੀਆਈ ਗਵਰਨਰ ਨੇ ਇਹ ਵੀ ਕਿਹਾ ਕਿ ਪਰਚੂਨ ਕਰਜ਼ ਦੇ ਕੁਝ ਹਿੱਸਿਆਂ ਪ੍ਰਤੀ ਬੈਂਕਾਂ ਦੇ ਉਤਸ਼ਾਹ ਨੂੰ ਰੋਕਣ ਲਈ ਕੇਂਦਰੀ ਬੈਂਕ ਨੇ ਹੁਣੇ ਜਿਹੇ ਕੁਝ ਕਦਮ ਚੁੱਕੇ ਹਨ। ਦਾਸ ਨੇ ਕਿਹਾ ਕਿ ਯਕੀਨੀ ਤੌਰ ’ਤੇ ਦੇਸ਼ ਆਲਮੀ ਪੱਧਰ ’ਤੇ ਸੰਕਟ ਤੇ ਤਕਨੀਕੀ ਬਦਲਾਵਾਂ ਨਾਲ ਪੈਦਾ ਹਾਲਾਤ, ਸਾਈਬਰ ਜੋਖਮ ਅਤੇ ਜਲਵਾਯੂ ਪਰਿਵਰਤਨ ਕਾਰਨ ਪੈਦਾ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਆਰਬੀਆਈ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਲਈ ਖੜ੍ਹਾ ਹੈ। -ਪੀਟੀਆਈ
ਥੋਕ ਡਿਪਾਜ਼ਿਟ ’ਤੇ ਨਿਰਭਰ ਰਹਿਣ ਦੀ ਬੈਂਕਾਂ ਨੂੰ ਆਦਤ ਘਟਾਉਣੀ ਪਵੇਗੀ: ਸਵਾਮੀਨਾਥਨ
ਮੁੰਬਈ: ਆਰਬੀਆਈ ਦੇ ਡਿਪਟੀ ਗਵਰਨਰ ਸਵਾਮੀਨਾਥਨ ਜੇ. ਨੇ ਥੋਕ ਡਿਪਾਜ਼ਿਟ ’ਤੇ ਨਿਰਭਰ ਰਹਿਣ ਦੇ ਬੈਂਕਾਂ ਵਿਚਕਾਰ ਵਧਦੇ ਰੁਝਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ’ਤੇ ਵੱਧ ਲਾਗਤ ਆਉਂਦੀ ਹੈ ਜੋ ਮਾਰਜਨ ’ਤੇ ਵੀ ਅਸਰ ਪਾਉਂਦੀ ਹੈ ਅਤੇ ਮੁਨਾਫ਼ਾ ਘੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਆਦਤ ਨੂੰ ਘਟਾਉਣ ਦੀ ਲੋੜ ਹੈ। ਐੱਸਬੀਆਈ ਵੱਲੋਂ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਵਾਮੀਨਾਥਨ ਨੇ ਕਿਹਾ ਕਿ ਬੈਂਕਾਂ ਨੂੰ ਆਪਣੀਆਂ ਵਿਆਜ ਦਰਾਂ ਦੇ ਜੋਖਮਾਂ ਦੇ ਅਸਰਦਾਰ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। -ਪੀਟੀਆਈ