ਨਵੀਂ ਦਿੱਲੀ, 18 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਲਟੀ-ਲੈਵਲ ਮਾਰਕੀਟਿੰਗ ਸਕੀਮ ਨੂੰ ਉਤਸ਼ਾਹਿਤ ਕਰਨ ਵਾਲੀ ਕੰਪਨੀ ਐੱਮਵੇਅ ਇੰਡੀਆ ਦੇ 757 ਕਰੋੜ ਰੁਪਏ ਤੋਂ ਵੱਧ ਦੇ ਅਸਾਸੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਜ਼ਬਤ ਕੀਤੇ ਹਨ। ਈਡੀ ਵੱਲੋਂ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਐੱਮਵੇਅ ਇੰਡੀਆ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਦੇ ਜ਼ਬਤ ਕੀਤੇ ਅਸਾਸਿਆਂ ਵਿੱਚ ਤਾਮਿਲ ਨਾਡੂ ਦੇ ਡਿੰਡੀਗੁਲ ਜ਼ਿਲ੍ਹੇ ਵਿੱਚ ਜ਼ਮੀਨ ਅਤੇ ਫੈਕਟਰੀ ਦੀ ਇਮਾਰਤ, ਪਲਾਂਟ ਅਤੇ ਮਸ਼ੀਨਰੀ, ਵਾਹਨ, ਬੈਂਕ ਖਾਤੇ ਅਤੇ ਫਿਕਸ ਡਿਪਾਜ਼ਿਟਸ (ਐੱਫਡੀਜ਼) ਸ਼ਾਮਲ ਹਨ। ਬਿਆਨ ਮੁਤਾਬਕ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਜ਼ਬਤ ਕੀਤੇ ਕੁੱਲ 757 ਕਰੋੜ ਰੁਪਏ ਮੁੱਲ ਦੇ ਅਸਾਸਿਆਂ ਵਿੱਚ ਅਚੱਲ ਅਤੇ ਚੱਲ ਪ੍ਰਾਪਰਟੀ 411.83 ਕਰੋੜ ਰੁਪਏ ਦੀ ਹੈ ਜਦਕਿ ਬਾਕੀ ਐੱਮਵੇਅ ਨਾਲ ਸਬੰਧਿਤ 36 ਬੈਂਕ ਖਾਤਿਆਂ ਵਿੱਚ ਜਮ੍ਹਾਂ 345.94 ਕਰੋੜ ਰੁਪਏ ਹਨ। ਸੰਘੀ ਏਜੰਸੀ ਨੇ ਕੰਪਨੀ ’ਤੇ ਮਲਟੀ-ਲੈਵਲ ਮਾਰਕੀਟਿੰਗ ਰਾਹੀਂ ਘੁਟਾਲੇ ਦਾ ਦੋਸ਼ ਲਾਇਆ ਹੈ, ਜਿੱਥੇ ਕੰਪਨੀ ਵੱਲੋਂ ਪੇਸ਼ ਕੀਤੇ ਗਏ ਬਹੁਤੇ ਉਤਪਾਦਾਂ ਦੀਆਂ ਕੀਮਤਾਂ ‘‘ਖੁੱਲ੍ਹੇ ਬਾਜ਼ਾਰ ਵਿੱਚ ਉਪਲਬਧ ਵੱਕਾਰੀ ਕੰਪਨੀਆਂ ਦੇ ਬਦਲਵੇਂ ਉਤਪਾਦਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਸਨ।’’ -ਪੀਟੀਆਈ