ਨਵੀਂ ਦਿੱਲੀ, 13 ਜੂਨ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ ਸੁੱਬਾਰਾਓ ਨੇ ‘ਅਸਾਵੀਂ’ ਆਰਥਿਕ ਰਿਕਵਰੀ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਆਮਦਨੀ ’ਚ ਬਰਾਬਰੀ ਯਾਨੀ ਅਮੀਰ-ਗਰੀਬ ਵਿਚਕਾਰ ਪਾੜਾ ਹੋਰ ਵੱਧ ਰਿਹਾ ਹੈ ਜੋ ਅਸਾਵੀਂ ਰਿਕਵਰੀ ਵੱਲ ਇਸ਼ਾਰਾ ਕਰ ਰਿਹਾ ਹੈ। ਉਨ੍ਹਾਂ ਖ਼ਬਰਦਾਰ ਕੀਤਾ ਕਿ ਅੱਗੇ ਚੱਲ ਕੇ ਇਹ ਰਵੱਈਆ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਝਟਕਾ ਦੇ ਸਕਦਾ ਹੈ। ਸੁੱਬਾਰਾਓ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਕਿਹਾ ਕਿ ਚਾਰ ਦਹਾਕਿਆਂ ’ਚ ਪਿਛਲੇ ਸਾਲ ਅਰਥਚਾਰੇ ’ਚ ਪਹਿਲੀ ਵਾਰ ਗਿਰਾਵਟ ਆਈ। ‘ਆਰਥਿਕ ਵਿਕਾਸ ਦਰ 7.3 ਫ਼ੀਸਦ ਹੇਠਾਂ ਡਿੱਗ ਗਈ। ਉਂਜ ਇਹ ਗਿਰਾਵਟ ਪਹਿਲਾਂ ਤੋਂ ਲਾਏ ਗਏ ਅੰਦਾਜ਼ਿਆਂ ਨਾਲੋਂ ਘੱਟ ਸੀ ਪਰ ਇਸ ਨਾਲ ਅਸੰਗਠਿਤ ਖੇਤਰ ਦੇ ਲੱਖਾਂ ਪਰਿਵਾਰਾਂ ਨੂੰ ਮੁਸ਼ਕਲਾਂ ’ਚ ਪਾ ਦਿੱਤਾ ਹੈ। ਇਸ ਸਾਲ ਤੇਜ਼ੀ ਨਾਲ ਰਿਕਵਰੀ ਦੀ ਸੰਭਾਵਨਾ ਸੀ ਪਰ ਕਰੋਨਾ ਦੀ ਦੂਜੀ ਲਹਿਰ ਦੇ ਅਸਰ ਨੇ ਹੁਣ ਉਮੀਦਾਂ ਨੂੰ ਢਾਹ ਲਗਾਈ ਹੈ।’ ਭਾਰਤੀ ਰਿਜ਼ਰਵ ਬੈਂਕ ਨੇ ਵੀ ਮੌਜੂਦਾ ਵਿੱਤੀ ਵਰ੍ਹੇ ਲਈ ਵਿਕਾਸ ਦਰ ਦਾ ਅੰਦਾਜ਼ਾ 10.5 ਫ਼ੀਸਦੀ ਤੋਂ ਘਟਾ ਕੇ ਸਾਢੇ 9 ਫ਼ੀਸਦ ਕਰ ਦਿੱਤਾ ਹੈ। ਸੁੱਬਾਰਾਓ ਨੇ ਕਿਹਾ ਕਿ ਜੇਕਰ ਇਹ ਵਿਕਾਸ ਦਰ ਹਾਸਲ ਹੋ ਵੀ ਜਾਂਦੀ ਹੈ ਤਾਂ ਵੀ ਉਤਪਾਦਨ ਮਹਾਮਾਰੀ ਤੋਂ ਦੋ ਸਾਲ ਪਹਿਲਾਂ ਦੇ ਪੱਧਰ ਤੋਂ ਘੱਟ ਰਹੇਗਾ। -ਪੀਟੀਆਈ