ਗੁਹਾਟੀ, 9 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਦੁਨੀਆ ਵਿਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਉੱਤਰ-ਪੂਰਬੀ ਰਾਜਾਂ ਵਿਚ ਵਿੱਤੀ ਅਨੁਸ਼ਾਸਨ ਜ਼ਰੂਰੀ ਹੈ। ਇੱਥੇ ਉੱਤਰ-ਪੂਰਬੀ ਕੌਂਸਲ (ਐੱਨਈਸੀ) ਦੇ 70ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਅੰਦਰੂਨੀ ਗੜਬੜੀ, ਸੰਪਰਕ ਦੀ ਘਾਟ ਤੇ ਉੱਤਰ-ਪੂਰਬ ਉਤੇ ਧਿਆਨ ਦੇਣ ਵਿਚ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਨੇ ਦਹਾਕਿਆਂ ਤੱਕ ਇਸ ਖੇਤਰ ਦੇ ਵਿਕਾਸ ’ਚ ਅੜਿੱਕਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਮੂਲ ਸਮੱਸਿਆਵਾਂ ਨੂੰ ਸਮਝਣ ਦਾ ਯਤਨ ਕੀਤਾ ਤੇ ਇਸ ਖੇਤਰ ਨੂੰ ਵਿਕਾਸ ਦੇ ਰਾਹ ਉਤੇ ਪਾਉਣ ਲਈ ਮੁੱਦਿਆਂ ਦੇ ਸਥਾਈ ਹੱਲ ਦੇ ਤੌਰ-ਤਰੀਕੇ ਪੈਦਾ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿਚ ਇਸ ਖੇਤਰ ਵਿਚ ਸ਼ਾਂਤੀ ਲਿਆਉਣ, ਸੰਪਰਕ ਬਿਹਤਰ ਕਰਨ ਤੇ ਵਿਕਾਸ ਨੂੰ ਪਹਿਲ ਦੇਣ ਦੇ ਕਈ ਯਤਨ ਕੀਤੇ ਹਨ। ਸ਼ਾਹ ਨੇ ਇਸ ਖੇਤਰ ਦੇ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਦਾ ਵਿੱਤੀ ਅਨੁਸ਼ਾਸਨ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਦੁਨੀਆ ਦੀ ਦੂਜੀ ਵੱਡੀ ਅਰਥਵਿਵਸਥਾ ਬਣਾਉਣ ਲਈ ਉੱਤਰ-ਪੂਰਬੀ ਰਾਜਾਂ ਵਿਚ ਵਿੱਤੀ ਅਨੁਸ਼ਾਸਨ ਜ਼ਰੂਰੀ ਹੈ। ਉਨ੍ਹਾਂ ਰਾਜਾਂ ਨੂੰ ਹੜ੍ਹਾਂ ’ਤੇ ਕੰਟਰੋਲ, ਸਿੰਜਾਈ ਸਹੂਲਤਾਂ, ਸੈਰ-ਸਪਾਟਾ ਖੇਤਰ, ਜੰਗਲਾਤ ਦਾ ਇਲਾਕਾ ਵਧਾਉਣ ਅਤੇ ‘ਨਾਰਥ ਈਸਟ ਐਪਲੀਕੇਸ਼ਨ ਸੈਂਟਰ’ ਦਾ ਪੂਰਾ ਲਾਹਾ ਲੈਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਨੇ ਅੱਜ ਅਸਾਮ ਦੇ ਪ੍ਰਸਿੱਧ ਕਾਮਾਖਿਆ ਮੰਦਰ ਵਿਚ ਮੱਥਾ ਵੀ ਟੇਕਿਆ। -ਪੀਟੀਆਈ