ਨਵੀਂ ਦਿੱਲੀ, 11 ਜੁਲਾਈ
ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਦੇ ਅਧਿਕਾਰੀਆਂ ਨੇ 551 ਕਰੋੜ ਰੁਪਏ ਦੇ ਜਾਅਲੀ ਬਿੱਲ ਕਢਵਾਉਣ ਅਤੇ 91 ਕਰੋੜ ਰੁਪਏ ਦੇ ਗਲਤ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ ਅੱਗੇ ਦੇਣ ਵਾਲੀਆਂ 23 ਇਕਾਈਆਂ ਦਾ ਪਰਦਾਫਾਸ਼ ਕੀਤਾ ਹੈ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰੀ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀਜੀਐੱਸਟੀ) ਕਮਿਸ਼ਨਰੇਟ ਦਿੱਲੀ (ਪੱਛਮੀ) ਦੇ ਐਂਟੀ-ਟੈਕਸ ਵਿੰਗ ਨੇ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਸ਼ਾਮਲ ਕੰਪਨੀਆਂ ਵਿਚ ਮੈਸਰਜ਼ ਗਿਰਧਰ ਐਂਟਰਪ੍ਰਾਈਜਜ਼, ਮੈਸਰਜ਼ ਅਰੁਣ ਸੇਲਜ਼, ਮੈਸਰਜ਼ ਅਕਸ਼ੈ ਟ੍ਰੇਡਰਜ਼, ਮੈਸਰਜ਼ ਸ੍ਰੀ ਪਦਮਾਵਤੀ ਐਂਟਰਪ੍ਰਾਈਜਜ਼ ਤੋਂ ਇਲਾਵਾ 19 ਹੋਰ ਸੰਸਥਾਵਾਂ ਸ਼ਾਮਲ ਹਨ। ਇਹ 23 ਕੰਪਨੀਆਂ ਬਿਨਾਂ ਮਾਲ ਦੀ ਵਿਕਰੀ ਦੇ ਬਿੱਲ ਕਢਵਾਉਣ ਅਤੇ ਅੱਗੇ ਆਈਟੀਸੀ ਦਾ ਭੁਗਤਾਨ ਕਰਨ ਲਈ ਬਣਾਈਆਂ ਗਈਆਂ ਸਨ। ਮੰਤਰਾਲੇ ਨੇ ਕਿਹਾ ਕਿ ਦਿਨੇਸ਼ ਗੁਪਤਾ, ਸ਼ੁਭਮ ਗੁਪਤਾ, ਵਿਨੋਦ ਜੈਨ ਅਤੇ ਯੋਗੇਸ਼ ਗੋਇਲ ਧੰਦੇ ਵਿੱਚ ਸ਼ਾਮਲ ਹਨ।। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਬਿਆਨ ਦੇ ਕੇ ਦੋਸ਼ ਕਬੂਲ ਕਰ ਲਿਆ ਹੈ। ਤਿੰਨ ਮੁਲਜ਼ਮਾਂ ਨੂੰ 10 ਜੁਲਾਈ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।