ਵਾਸ਼ਿੰਗਟਨ, 6 ਅਪਰੈਲ
ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ 2021 ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 12.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਹੈ। ਇਹ ਚੀਨ ਨਾਲੋਂ ਮਜ਼ਬੂਤ ਹੈ, ਜੋ ਕਿ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੌਰਾਨ ਵੀ ਸਕਾਰਾਤਮਕ ਢੰਗ ਨਾਲ ਵਿਕਾਸ ਕਰ ਰਿਹਾ ਸੀ। ਵਾਸ਼ਿੰਗਟਨ ਆਧਾਰਿਤ ਆਲਮੀ ਵਿੱਤੀ ਸੰਸਥਾ ਨੇ ਸੰਸਾਰ ਪੱਧਰ ਦੇ ਆਪਣੇ ਸਾਲਾਨਾ ਅਨੁਮਾਨ ਵਿਚ ਕਿਹਾ ਹੈ ਕਿ ਭਾਰਤੀ ਆਰਥਿਕਤਾ ਦੇ 2022 ਵਿਚ 6.9 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰਨ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 2020 ਵਿਚ ਭਾਰਤ ਦੀ ਆਰਥਿਕਤਾ ਰਿਕਾਰਡ 8 ਫ਼ੀਸਦ ਸੁੰਗੜ ਗਈ ਸੀ। ਦੂਜੇ ਪਾਸੇ ਚੀਨ ਦੀ ਆਰਥਿਕ ਵਿਕਾਸ ਦਰ 2021 ਵਿਚ 8.6 ਪ੍ਰਤੀਸ਼ਤ ਤੇ 2022 ਵਿਚ 5.6 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। 2020 ਵਿਚ ਇਹ 2.3 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰ ਰਹੀ ਸੀ। ਆਈਐਮਐਫ ’ਚ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ‘ਅਸੀਂ 2021 ਤੇ 2022 ਵਿਚ ਹੁਣ ਮਜ਼ਬੂਤ ਰਿਕਵਰੀ ਦੇਖ ਰਹੇ ਹਾਂ।’ -ਪੀਟੀਆਈ