ਨਵੀਂ ਦਿੱਲੀ, 25 ਅਕਤੂਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀ ਦਾਸ ਨੇ ਅੱਜ ਕਿਹਾ ਕਿ ਲਚਕੀਲੇ ਅਰਥਚਾਰੇ ਲਈ ਨਿਰਪੱਖ ਤੇ ਮਜ਼ਬੂਤ ਆਡਿਟ ਪ੍ਰਬੰਧ ਜ਼ਰੂਰੀ ਹੈ ਕਿਉਂਕਿ ਇਸ ਨਾਲ ਨਾਗਰਿਕਾਂ ਦਾ ਭਰੋਸਾ ਬਣਿਆ ਰਹਿੰਦਾ ਹੈ। ਦਾਸ ਨੇ ਨੈਸ਼ਨਲ ਅਕੈਡਮੀ ਆਫ਼ ਆਡਿਟ ਐਂਡ ਅਕਾਊਂਟਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਡਿਟ ਦੇਸ਼ ਲਈ ਅਹਿਮ ਹੈ, ਕਿਉਂਕਿ ਜਨਤਕ ਖਰਚਿਆਂ ਦੇ ਫੈਸਲੇ ਇਨ੍ਹਾਂ ਰਿਪੋਰਟਾਂ ’ਤੇ ਹੀ ਅਧਾਰਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਦੇ ਆਧਾਰ ’ਤੇ ਪਹਿਲਾਂ ਤੋਂ ਵਧ ਆਰਥਿਕ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਡਿਟ ਦੀ ਗੁਣਵੱਤਾ ਵਿੱਚ ਸੁਧਾਰ ਦੀ ਲੋੜ ਹੈ, ਇਸ ਲਈ ਆਰਬੀਆਈ ਨੇ ਬੈਂਕਾਂ ਤੇ ਵਿੱਤੀ ਸੰਸਥਾਨਾਂ ਦੇ ਆਡਿਟ ਵਿੱਚ ਸੁਧਾਰ ਲਈ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ) ਦੇ ਸਲਾਹ ਮਸ਼ਵਰੇ ਨਾਲ ਕਈ ਕਦਮ ਚੁੱਕੇ ਹਨ। -ਪੀਟੀਆਈ