ਲੰਡਨ, 9 ਮਾਰਚ
ਭਾਰਤ ਡਿਜੀਟਲ ਖਰੀਦਾਰੀ ਜਾਂ ਸ਼ਾਪਿੰਗ ਖੇਤਰ ਦੀਆਂ ਕੰਪਨੀਆਂ ਲਈ ਵਿਸ਼ਵ ਪੱਧਰ ’ਤੇ ਨਿਵੇਸ਼ ਦਾ ਦੂਜਾ ਵੱਡਾ ਕੇਂਦਰ ਬਣ ਕੇ ਉਭਰਿਆ ਹੈ। ਬੁੱਧਵਾਰ ਨੂੰ ਜਾਰੀ ਇਕ ਵਿਸ਼ਲੇਸ਼ਣ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ 2021 ਦੌਰਾਨ ਇਸ ਖੇਤਰ ਵਿੱਚ 22 ਅਰਬ ਡਾਲਰ ਦਾ ਨਿਵੇਸ਼ ਹੋਇਆ, ਜੋ ਸਾਲ 2020 ਦੇ ਮੁਕਾਬਲੇ 175 ਫੀਸਦੀ ਵਧ ਹੈ। ਉਦੋਂ 8 ਅਰਬ ਡਾਲਰ ਦਾ ਨਿਵੇਸ਼ ਹੋਇਆ ਸੀ। ਵਿਸ਼ਵ ਪੱਧਰ ’ਤੇ ਡਿਜੀਟਲ ਖਰੀਦਦਾਰੀ ਖੇਤਰ ਵਿੱਚ ਸਭ ਤੋਂ ਵਧ ਨਿਵੇਸ਼ ਦੇ ਮਾਮਲੇ ਵਿੱਚ ਅਮਰੀਕਾ ਦੇ ਬਾਅਦ ਭਾਰਤ ਦਾ ਸਥਾਨ ਹੈ। ਅਮਰੀਕਾ ਨੂੰ ਇਸ ਖੇਤਰ ਵਿੱਚ ਬੀਤੇ ਵਰ੍ਹੇ 51 ਅਰਬ ਡਾਲਰ, ਚੀਨ ਨੂੰ 14 ਅਰਬ ਡਾਲਰ ਅਤੇ ਬ੍ਰਿਟੇਨ ਨੂੰ 7 ਅਰਬ ਡਾਲਰ ਦਾ ਨਿਵੇਸ਼ ਮਿਲਿਆ। ਉਂਜ ਭਾਰਤ ਵਿੱਚ 2021 ਦੌਰਾਨ ਡਿਜੀਟਲ ਖਰੀਦਦਾਰੀ ਖੇਤਰ ਵਿੱਚ 14 ਅਰਬ ਡਾਲਰ ਦੇ ਪੂੰਜੀ ਨਿਵੇਸ਼ ਨਾਲ ਬੰਗਲੁਰੂ ਸ਼ਿਖਰ ’ਤੇ ਰਿਹਾ। ਡੀਲਰੂਮਡਾਟਕਾਮ ਨਿਵੇਸ਼ ਅੰਕੜਿਆਂ ਦੇ ਲੰਡਨ ਐਂਡ ਪਾਰਟਨਰਜ਼ ਦੇ ਵਿਸ਼ਲੇਸ਼ਣ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਵਿੱਚ ਲੌਕਡਾਊਨ ਦੌਰਾਨ ਆਨਲਾਈਨ ਖਰੀਦਦਾਰੀ ਦੀ ਵਧਦੀ ਮੰਗ ਕਾਰਨ ਵਿਸ਼ਵ ਵਿੱਚ ਨਿਵੇਸ਼ਕਾਂ ਦਾ ਰੁਝਾਨ ਈ-ਕਾਮਰਸ ਕੰਪਨੀਆਂ ਵਲ ਵਧਿਆ ਹੈ। –ਏਜੰਸੀ