ਨਵੀਂ ਦਿੱਲੀ, 23 ਨਵੰਬਰ
ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਹੋਰ ਪ੍ਰਮੁੱਖ ਅਰਥਚਾਰਿਆਂ ਨਾਲ ਤਾਲਮੇਲ ਕਰਕੇ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ 50 ਲੱਖ ਬੈਰਲ ਤੇਲ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਅੱਜ ਕਿਹਾ ਕਿ ਰਣਨੀਤਕ ਭੰਡਾਰਾਂ ਵਿਚੋਂ ਕੱਢੇ ਇਸ ਕੱਚੇ ਤੇਲ ਕਰੂਡ ਨੂੰ ਮੈਂਗਲੋਰ ਰਿਫਾਇਨਰੀ ਐਂਡ ਪੈਟਰੋ ਕੈਮੀਕਲਜ਼ ਲਿਮਿਟੇਡ (ਐੱਮਆਰਪੀਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਨੂੰ ਵੇਚਿਆ ਜਾਵੇਗਾ। ਇਹ ਦੋਵੇਂ ਸਰਕਾਰੀ ਤੇਲ ਸੋਧਕ ਯੂਨਿਟ ਪਾਈਪਲਾਈਨਾਂ ਰਾਹੀਂ ਰਣਨੀਤਕ ਤੇਲ ਭੰਡਾਰਾਂ ਨਾਲ ਜੁੜੇ ਹੋਏ ਹਨ। ਇਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੇਲ ਕੱਢਣ ਦੀ ਇਹ ਪ੍ਰਕਿਰਿਆ ਸੱਤ ਤੋਂ ਦਸ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ।