ਅਲੀਪੁਰਦੁਆਰ (ਪੱਛਮੀ ਬੰਗਾਲ), 29 ਅਕਤੂਬਰ
ਭਾਰਤੀ ਰੇਲਵੇ ਵੱਲੋਂ ਮਲਟੀ-ਮਾਡਲ ਰੂਟ ਰਾਹੀਂ ਭੂਟਾਨ ਵਿੱਚ ਪਹਿਲੀ ਵਾਰ ਵਾਹਨ ਪਹੁੰਚਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਭੂਟਾਨ ਵੱਲੋਂ ਖਰੀਦੇ ਗਏ 75 ਵਾਹਨਾਂ ਨੂੰ ਮਾਲ ਗੱਡੀ ਰਾਹੀਂ ਚੇਨੱਈ ਤੋਂ ਪੱਛਮੀ ਬੰਗਾਲ ਦੇ ਹਾਸੀਮਾਰਾ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਲ ਗੱਡੀ ਸ਼ੁੱਕਰਵਾਰ ਦੇਰ ਰਾਤ ਉੱਤਰ-ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਅੱਗਿਓਂ ਵਾਹਨਾਂ ਨੂੰ ਸੜਕ ਰਾਹੀਂ ਲਿਜਾਇਆ ਗਿਆ। ਉੱਤਰ-ਪੂਰਬੀ ਫਰੰਟੀਅਰ ਰੇਲਵੇਜ਼ (ਐੱਨਐੱਫਆਰ) ਦੇ ਅਲੀਪੁਰਦੁਆਰ ਡਿਵੀਜ਼ਨ ਦੇ ਰੇਲਵੇ ਮੈਨੇਜਰ ਦਲੀਪ ਕੁਮਾਰ ਸਿੰਘ ਨੇ ਕਿਹਾ ਕਿ ਭੂਟਾਨ ਦੀ ਮੰਗ ’ਤੇ ਭਵਿੱਖ ਵਿੱਚ ਹੋਰ ਸਾਮਾਨ ਵੀ ਪਹੁੰਚਾਇਆ ਜਾਵੇਗਾ। -ਪੀਟੀਆਈ