ਨਵੀਂ ਦਿੱਲੀ: ਥੋਕ ਕੀਮਤਾਂ ਅਧਾਰਿਤ ਮਹਿੰਗਾਈ ਦਰ ਖਣਿਜ ਤੇਲਾਂ, ਬੁਨਿਆਦੀ ਧਾਤਾਂ, ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਕਰਕੇ ਨਵੰਬਰ ਮਹੀਨੇ ਵਧ ਕੇ 14.23 ਫੀਸਦ ਹੋ ਗਈ ਹੈ, ਜੋ ਪਿਛਲੇ 12 ਸਾਲਾਂ ਵਿੱਚ ਸਿਖਰਲਾ ਪੱਧਰ ਹੈ। ਉਂਜ ਪਿਛਲੇ ਅੱਠ ਮਹੀਨਿਆਂ ਤੋਂ ਹੀ ਥੋਕ ਮਹਿੰਗਾਈ ਦਰ ਦੋਹਰੇ ਅੰਕੜੇ ਵਿੱਚ ਹੈ। ਇਸ ਸਾਲ ਅਕਤੂੁਬਰ ਮਹੀਨੇ ਮਹਿੰਗਾਈ ਦਰ 12.54 ਫੀਸਦ ਸੀ ਜਦੋਂਕਿ ਨਵੰਬਰ 2020 ਵਿੱਚ ਇਹ ਅੰਕੜਾ 2.29 ਫੀਸਦ ਸੀ। ਪਿਛਲੇ ਇਕ ਦਹਾਕੇ ਦੌਰਾਨ ਮਹਿੰਗਾਈ ਦਰ ਦੇ ਆਪਣੇ ਸਿਖਰਲੇ ਪੱਧਰ ’ਤੇ ਪੁੱਜਣ ਦਾ ਮੁੱਖ ਕਾਰਨ ਹੇਠਲਾ ਆਧਾਰ ਪ੍ਰਭਾਵ ਤੇ ਈਂਧਣ ਸੂਚਕ ਅੰਕ ਵਿੱਚ ਆਇਆ ਉਛਾਲ ਹੈ। ਵਣਜ ਤੇ ਉਦਯੋਗ ਮੰਤਰੀ ਨੇ ਲੰਘੇ ਦਿਨ ਇਕ ਬਿਆਨ ਵਿੱਚ ਕਿਹਾ, ‘‘ਨਵੰਬਰ 2021 ਵਿੱਚ ਮਹਿੰਗਾਈ ਦਰ ਮੁੱਖ ਰੂਪ ਵਿੱਚ ਖਣਿਜ ਤੇਲਾਂ, ਬੁਨਿਆਦੀ ਧਾਤਾਂ, ਕੱਚੇ ਤੇਲ ਤੇ ਕੁਦਰਤੀ ਗੈਸ, ਰਸਾਇਣ ਤੇ ਰਸਾਇਣ ਉਤਪਾਦਾਂ, ਖੁਰਾਕ ਉਤਪਾਦਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਰਕੇ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿੱਚ ਵਧੀ ਹੈ।’’ ਨਵੰਬਰ ਵਿੱਚ ਈਂਧਣ ਤੇ ਬਿਜਲੀ ਵਰਗ ਦੀ ਮਹਿੰਗਾਈ ਦਰ ਵਧ ਕੇ 39.81 ਫੀਸਦ ਹੋ ਗਈ ਜਦੋਂਕਿ ਅਕਤੂੁਬਰ ਵਿੱਚ ਇਹ 37.18 ਫੀਸਦ ਸੀ। ਇਸੇ ਤਰ੍ਹਾਂ ਖੁਰਾਕ ਸੂਚਕ ਅੰਕ ਨਾਲ ਜੁੜੀ ਮਹਿੰਗਾਈ ਦਰ ਪਿਛਲੇ ਮਹੀਨੇ ਦੇ 3.06 ਫੀਸਦ ਦੇ ਮੁਕਾਬਲੇ ਦੁੱਗਣੇ ਨਾਲੋਂ ਵਧ ਕੇ 6.70 ਫੀਸਦ ਨੂੰ ਪਹੁੰਚ ਗਈ ਹੈ। ਸਮੀਖਿਆ ਅਧੀਨ ਮਹੀਨੇ (ਨਵੰਬਰ) ਵਿੱਚ ਕੱਚੇ ਤੇਲ ਦੇ ਭਾਅ ਨਾਲ ਜੁੜੀ ਮਹਿੰਗਾਈ 91.74 ਫੀਸਦ ਸੀ ਹਾਲਾਂਕਿ ਅਕਤੂਬਰ ਮਹੀਨੇ ਇਹ ਅੰਕੜਾ 80.57 ਫੀਸਦ ਸੀ। -ਪੀਟੀਆਈ