ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 12 ਨਵੰਬਰ
ਮਹਿੰਗਾਈ ਨੇ ਲੋਕਾਂ ਦਾ ਜੀਊਣਾ ਦੁੱਭਰ ਕੀਤਾ ਹੋਇਆ ਹੈ। ਰੋਜ਼ ਕਮਾ ਕੇ ਗੁਜ਼ਾਰਾ ਕਰਨ ਵਾਲਿਆਂ ਲਈ ਲਈ ਹੋਰ ਵੀ ਮੁਸ਼ਕਿਲ ਦੀ ਘੜੀ ਹੈ। ਇਨ੍ਹੀਂ ਦਿਨੀਂ ਸਬਜ਼ੀਆਂ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਕਿਸੇ ਵੇਲੇ ਮਟਰ ਜਿਹੜਾ ਬਾਜ਼ਾਰ ਵਿੱਚ ਪੰਜ-ਸੱਤ ਰੁਪਏ ਕਿਲੋ ਮਿਲ ਜਾਂਦਾ ਸੀ ਹੁਣ 150 ਰੁਪਏ ਤੱਕ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ 100 ਰੁਪਏ ਦੇ ਕਰੀਬ, ਗੋਭੀ 50, ਭਿੰਡੀ-ਖੀਰੇ ਪੰਜਾਹ, ਟਮਾਟਰ 70-80, ਗਾਜਰ 40, ਪਿਆਜ਼ 40, ਆਲੂ ਪੱਚੀ ਤੇ ਚਾਰ ਮੂਲੀਆਂ ਬਾਜ਼ਾਰ ਵਿਚ ਤੀਹ ਰੁਪਏ ਤੋਂ ਘੱਟ ਨਹੀਂ ਮਿਲ ਰਹੀਆਂ।
ਇਸ ਸਬੰਧੀ ਸਬਜ਼ੀ ਵੇਚਣ ਵਾਲਿਆਂ ਨੇ ਕਿਹਾ ਕਿ ਪਿੱਛੋਂ ਹੀ ਭਾਅ ਤੇਜ਼ ਹਨ। ਉਨ੍ਹਾਂ ਕਿਹਾ ਕਿ ਸਬਜ਼ੀ ਵਿਕਰੀ ਵੀ ਮੰਦੀ ਹੋ ਗਈ ਹੈ। ਵਿਕਣ ਤੋਂ ਬਚੀ ਸਬਜ਼ੀ ਉਨ੍ਹਾਂ ਦੇ ਪੱਲੇ ਪੈ ਜਾਂਦੀ ਹੈ। ਇਸ ਹਾਲਤ ਵਿਚ ਵੱਡੇ ਵਪਾਰੀ ਤਾਂ ਲਾਹਾ ਖੱਟ ਰਹੇ ਹਨ ਪਰ ਛੋਟੇ ਵਿਕਰੇਤਾ ਘਾਟੇ ਦਾ ਸਾਹਮਣਾ ਕਰ ਰਹੇ ਹਨ।
ਇਸ ਦੌਰਾਨ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਮੱਧ ਵਰਗੀ ਕਿਸਾਨ ਪਰਿਵਾਰਾਂ ਵਿਚੋਂ ਇੱਕ-ਦੋ ਮੈਂਬਰ ਦਿੱਲੀ ਮੋਰਚਿਆਂ ’ਤੇ ਡੇਰੇ ਲਾਈ ਬੈਠੇ ਹਨ। ਘਰ ਦੇ ਬਾਕੀ ਪੰਜਾਬ ਵਿਚ ਚੱਲਦੇ ਮੋਰਚਿਆਂ ਵਿਚ ਹਾਜ਼ਰ ਭਰ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀ ਕਾਸ਼ਤਕਾਰਾਂ ਕਿਸਾਨਾਂ ਨੇ ਕਿਹਾ ਕਿ ਰਹਿੰਦੀ ਕਸਰ ਮਹਿੰਗੇ ਬੀਜਾਂ ਨੇ ਕੱਢ ਦਿੱਤੀ ਹੈ। ਇਸ ਵਾਰੀ ਮਟਰ ਦੀ ਫ਼ਸਲ ਦਾ ਮਾੜੇ ਬੀਜਾਂ ਕਾਰਨ ਝਾੜ ਬਹੁਤ ਘਟ ਨਿਕਲ ਰਿਹਾ ਹੈ। ਇਸ ਕਰ ਕੇ ਕਿਸਾਨੀ ਨੂੰ ਵੀ ਹਰ ਪਾਸਿਓਂ ਮਾਰ ਝੱਲਣੀ ਪੈ ਰਹੀ ਹੈ। ਸਬਜ਼ੀ ਖ਼ਰੀਦਣ ਆਏ ਲੋਕਾਂ ਨੇ ਕਿਹਾ ਕਿ ਮਿਹਨਤ ਕਰ ਕੇ ਖਾਣ ਵਾਲਿਆਂ ਲਈ ਦੋ ਵੇਲੇ ਦੀ ਰੋਟੀ ਵੀ ਵੱਸ ਤੋਂ ਬਾਹਰ ਹੁੰਦੀ ਜਾ ਰਹੀ ਹੈ।