ਨਵੀਂ ਦਿੱਲੀ, 28 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 780 ਅਜਿਹੇ ਪੁਰਜ਼ਿਆਂ ਤੇ ਢਾਂਚਿਆਂ ਦੀ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ ਜੋ ਸਿਰਫ਼ ਘਰੇਲੂ ਰੱਖਿਆ ਸਨਅਤਾਂ ਤੋਂ ਹੀ ਖ਼ਰੀਦੇ ਜਾਣਗੇ। ਇਨ੍ਹਾਂ ਦੀ ਦਰਾਮਦ ਉਤੇ ਪਾਬੰਦੀ ਦਾ ਫ਼ੈਸਲਾ ਵਿਸ਼ੇਸ਼ ਰਣਨੀਤੀ ਤਹਿਤ ਲਿਆ ਗਿਆ ਸੀ। ਇਹ ਤੀਜੀ ਅਜਿਹੀ ‘ਸਕਾਰਾਤਮਕ ਸਵਦੇਸ਼ੀ ਸੂਚੀ ਹੈ’। ਸੂਚੀ ਵਿਚ ਲਾਈਨ ਰਿਪਲੇਸਮੈਂਟ ਇਕਾਈਆਂ, ਸਬ-ਸਿਸਟਮ ਤੇ ਹੋਰ ਕਈ ਫ਼ੌਜੀ ਪਲੈਟਫਾਰਮਾਂ, ਹਥਿਆਰਾਂ ਵਿਚ ਵਰਤੇ ਜਾਣ ਵਾਲੇ ਪੁਰਜ਼ੇ ਸ਼ਾਮਲ ਹਨ। ਰੱਖਿਆ ਮੰਤਰਾਲੇ ਨੇ ਦਸੰਬਰ 2023 ਤੋਂ 2028 ਤੱਕ ਅਜਿਹੀਆਂ ਕਈ ਵਸਤਾਂ ਦੀ ਦਰਾਮਦ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਫ਼ੌਜ ਨੇ ਅੱਜ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਵਿਸ਼ੇਸ਼ ਬਲ ਹਿਮਾਚਲ ਪ੍ਰਦੇਸ਼ ’ਚ ਸਾਂਝਾ ਅਭਿਆਸ ਕਰ ਰਹੇ ਸਨ ਜੋ ਅੱਜ ਖ਼ਤਮ ਹੋ ਗਿਆ। -ਪੀਟੀਆਈ