ਪੁਣੇ, 19 ਜੁਲਾਈ
ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਆਮ ਆਦਮੀ ਦੀ ਜੇਬ ਹਲਕੀ ਕੀਤੀ ਹੈ, ਉੱਥੇ ਹੀ ਮਹਾਰਾਸ਼ਟਰ ਦੇ ਪੁਣੇ ‘ਚ ਇਹ ਕਿਸਾਨ ਲਈ ਲਾਹੇਵੰਦ ਸੌਦਾ ਸਾਬਤ ਹੋਇਆ ਹੈ। ਸਾਰੀਆਂ ਚੁਣੌਤੀਆਂ ਨੂੰ ਖ਼ਤਮ ਕਰਦੇ ਹੋਏ ਪੁਣੇ ਦੇ ਕਿਸਾਨ ਨੇ ਪਿਛਲੇ ਮਹੀਨੇ ਵਿੱਚ ਟਮਾਟਰ ਦੀ ਫ਼ਸਲ ਵੇਚ ਕੇ 3 ਕਰੋੜ ਰੁਪਏ ਕਮਾਏ ਹਨ। ਪੁਣੇ ਜ਼ਿਲ੍ਹੇ ਦੀ ਜੁੱਨਾਰ ਤਹਿਸੀਲ ਦੇ ਪਿੰਡ ਪਚਘਰ ਦੇ ਕਿਸਾਨ ਈਸ਼ਵਰ ਗਾਇਕਰ (36) ਨੂੰ ਇਸ ਸਾਲ ਮਈ ‘ਚ ਟਮਾਟਰ ਦੀ ਫਸਲ ਘੱਟ ਭਾਅ ਕਾਰਨ ਸੁੱਟਣੀ ਪਈ ਸੀ। ਇਸ ਝਟਕੇ ਦੇ ਬਾਵਜੂਦ ਕਿਸਾਨ ਨੇ ਅਡੋਲ ਇਰਾਦੇ ਦਿਖਾਉਂਦੇ ਹੋਏ ਆਪਣੇ 12 ਏਕੜ ਖੇਤ ਵਿੱਚ ਟਮਾਟਰ ਦੀ ਕਾਸ਼ਤ ਕੀਤੀ। ਹੁਣ ਟਮਾਟਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਕਰੋੜਪਤੀ ਬਣ ਗਿਆ ਹੈ। ਗਾਇਕਰ ਦਾ ਦਾਅਵਾ ਹੈ ਕਿ ਉਸ ਨੇ 11 ਜੂਨ ਤੋਂ 18 ਜੁਲਾਈ ਦਰਮਿਆਨ ਟਮਾਟਰ ਦੀ ਪੈਦਾਵਾਰ ਵੇਚ ਕੇ 3 ਕਰੋੜ ਰੁਪਏ ਕਮਾਏ ਹਨ।