ਨਵੀਂ ਦਿੱਲੀ, 5 ਅਕਤੂਬਰ
ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਅੱਜ ਵਕਾਰੀ ਨਜ਼ਰੀਏ ਤੋਂ ਭਾਰਤ ਨੂੰ ਨਕਾਰਾਤਮਕ ਸ਼੍ਰੇਣੀ ਤੋਂ ਸਥਿਰ ਵਿਚ ਤਬਦੀਲ ਕਰ ਦਿੱਤਾ। ਉਸ ਨੇ ਕਿਹਾ ਕਿ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਵਿਚ ਮੁੜ ਤੋਂ ਸੁਧਾਰ ਜਾਰੀ ਹੈ ਅਤੇ ਚਾਲੂ ਵਿੱਤੀ ਵਰ੍ਹੇ ਵਿਚ ਵਾਧਾ ਦਰ ਮਹਾਮਾਰੀ ਤੋਂ ਪਹਿਲਾਂ ਵਾਲੀ ਸਥਿਤੀ ਨਾਲੋਂ ਵੱਧ ਹੋਵੇਗੀ। ਹਾਲਾਂਕਿ, ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਭਾਰਤ ਦੀ ਰੇਟਿੰਗ ਨੂੰ ਬੀਏਏਏ3 ਉੱਤੇ ਬਰਕਰਾਰ ਰੱਖਿਆ। ਇਹ ਹੇਠਲੇ ਨਿਵੇਸ਼ ਪੱਧਰ ਦੀ ਰੇਟਿੰਗ ਹੈ ਅਤੇ ਕਬਾੜ (ਜੰਕ) ਦੇ ਦਰਜੇ ਤੋਂ ਸਿਰਫ਼ ਇਕ ਪੱਧਰ ਉੱਪਰ ਹੈ।