ਨਵੀਂ ਦਿੱਲੀ, 27 ਅਕਤੂਬਰ
ਘਰੇਲੂ ਰਸੋਈ ਗੈਸ (ਐੱਲਪੀਜੀ) ਦੇ ਭਾਅ ਅਗਲੇ ਹਫ਼ਤੇ ਵਧ ਰਹੇ ਹਨ। ਐੱਲਪੀਜੀ ਦੀਆਂ ਕੀਮਤਾਂ ਵਿੱਚ ਪਿਛਲੀ ਵਾਰ 6 ਅਕਤੂਬਰ ਨੂੰ 15 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਜੁਲਾਈ ਤੋਂ ਹੁਣ ਤੱਕ ਕੁੱਲ 14.2 ਕਿਲੋਗ੍ਰਾਮ ਸਿਲੰਡਰ 90 ਰੁਪਏ ਵਧਿਆ ਹੈ। ਦਿੱਲੀ ਅਤੇ ਮੁੰਬਈ ਵਿੱਚ ਰਸੋਈ ਗੈਸ ਦੀ ਕੀਮਤ 899.50 ਰੁਪਏ ਪ੍ਰਤੀ ਸਿਲੰਡਰ ਅਤੇ ਕੋਲਕਾਤਾ ਵਿੱਚ 926 ਰੁਪਏ ਹੈ। ਇਸ ਦੌਰਾਨ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਪੈਟਰੋਲ ਹੁਣ ਦਿੱਲੀ ਵਿੱਚ 107.94 ਰੁਪਏ ਅਤੇ ਮੁੰਬਈ ਵਿੱਚ 113.80 ਰੁਪਏ ਪ੍ਰਤੀ ਲਿਟਰ ਹੈ। ਡੀਜ਼ਲ ਦੀ ਕੀਮਤ ਹੁਣ ਦਿੱਲੀ ਵਿੱਚ 96.67 ਰੁਪਏ ਅਤੇ ਮੁੰਬਈ ਵਿੱਚ 104.75 ਰੁਪਏ ਪ੍ਰਤੀ ਲਿਟਰ ਹੈ।