ਜਗਮੋਹਨ ਸਿੰਘ
ਰੂਪਨਗਰ, 13 ਜੁਲਾਈ
ਜ਼ੋਰਦਾਰ ਮੀਂਹ ਬੰਦ ਹੋਣ ਤੋਂ 2 ਦਿਨਾਂ ਬਾਅਦ ਵੀ ਇਥੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਿਜਲੀ ਉਤਪਾਦਨ ਸ਼ੁਰੂ ਕਰਨ ਵਿੱਚ ਅਸਮਰਥ ਹੈ, ਜਦੋਂ ਕਿ ਸੂਬੇ ਅੰਦਰ ਬਿਜਲੀ ਦੀ ਮੰਗ ਵੱਧ ਕੇ 13000 ਮੈਗਾਵਾਟ ਪਾਰ ਹੋਣ ਉਪਰੰਤ ਬਿਜਲੀ ਪੈਦਾਵਾਰ ਦੀ ਸਖ਼ਤ ਜ਼ਰੂਰਤ ਹੈ। ਸੂਤਰਾਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲ ਹੈਂਡਲਿੰਗ ਪਲਾਂਟ ਵਿੱਚ ਬਾਰਸ਼ ਦਾ ਇੰਨਾ ਜ਼ਿਆਦਾ ਪਾਣੀ ਭਰ ਗਿਆ ਕਿ ਇਸ ਦਾ ਕੰਟਰੋਲ ਰੂਮ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ। ਪਲਾਂਟ ਦੇ ਅਧਿਕਾਰੀ ਤੇ ਕਰਮਚਾਰੀ ਹੜ੍ਹ ਦੇ ਪਾਣੀ ਨੂੰ ਬਾਹਰ ਕੱਢ ਕੇ ਕੋਲ ਹੈਂਡਲਿੰਗ ਪਲਾਂਟ ਦੀ ਮਸ਼ੀਨਰੀ ਨੂੰ ਚਾਲੂ ਕਰਨ ਲਈ ਦਿਨ ਰਾਤ ਜੁਟੇ ਹੋਏ ਹਨ ਪਰ ਵੀਰਵਾਰ ਬਾਅਦ ਦੁਪਹਿਰ ਤੱਕ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਬੁੱਧਵਾਰ ਨੂੰ ਹੀ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਦੀ ਮੰਗ ਵਧਣ ਉਪਰੰਤ ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟ ਚਾਲੂ ਕਰਨ ਦੀ ਹਦਾਇਤ ਕਰ ਦਿੱਤੀ ਗਈ ਸੀ। ਪਾਵਰਕਾਮ ਮੈਨੇਜਮੈਟ ਵੱਲੋਂ 6 ਨੰਬਰ ਯੂਨਿਟ ਨੂੰ ਚਾਲੂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਲ ਹੈਂਡਲਿੰਗ ਪਲਾਂਟ ਦੀ ਸਮੱਸਿਆ ਜ਼ਿਆਦਾ ਗੰਭੀਰ ਹੋਣ ਕਰਕੇ ਇਸ ਯੂਨਿਟ ਨੂੰ ਕੁੱਝ ਸਮੇਂ ਬਾਅਦ ਹੀ ਬੰਦ ਕਰ ਦਿੱਤਾ ਗਿਆ। ਪਲਾਂਟ ਅੰਦਰ ਕੋਲਾ ਲੈ ਕੇ ਆਈ ਮਾਲਗੱਡੀ ਦੇ ਕੋਲੇ ਦੇ ਰੈਕ ਉਤਾਰਨ ਦਾ ਕੰਮ ਵੀ ਬਾਰਸ਼ ਕਾਰਨ ਸਿਰੇ ਨਾ ਚੜ੍ਹ ਸਕਿਆ ਤੇ ਕੋਲਾ ਉਤਾਰਦੇ ਸਮੇਂ ਸੀਐੱਚਪੀ ਦਾ ਸਮੁੱਚਾ ਸਿਸਟਮ ਠੱਪ ਹੋਣ ਕਾਰਨ 37 ਬਕਸਿਆਂ ਵਿੱਚੋਂ ਕੋਲਾ ਨਹੀਂ ਉਤਾਰਿਆ ਜਾ ਸਕਿਆ, ਜਿਸ ਕਾਰਨ ਮਾਲ ਗੱਡੀ ਦਾ ਪੂਰਾ ਰੈਕ ਹਾਲੇ ਤੱਕ ਥਰਮਲ ਪਲਾਂਟ ਦੇ ਅੰਦਰ ਹੀ ਖੜ੍ਹਾ ਹੈ।
ਇਸ ਦੌਰਾਨ ਨਿਗਰਾਨ ਇੰਜਨੀਅਰ ਸੀਐੈੱਚਪੀ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸਮੱਸਿਆ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਅੱਜ 6 ਨੰਬਰ ਯੂਨਿਟ ਚਾਲੂ ਕੀਤਾ ਜਾ ਰਿਹਾ ਹੈ ਤੇ ਦੇਰ ਰਾਤ ਤੱਕ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।