ਮੁੰਬਈ, 7 ਅਕਤੂਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਉਹ ਦੇਸ਼ ਦੇ ਡਿਜੀਟਲ ਅਰਥਚਾਰੇ ਨੂੰ ਮਜ਼ਬੂਤ ਕਰਨ, ਅਦਾਇਗੀ ਪ੍ਰਬੰਧ ਨੂੰ ਵਧੇਰੇ ਕਾਰਗਰ ਬਣਾਉਣ ਤੇ ਮਨੀ ਲਾਂਡਰਿੰਗ ’ਤੇ ਬਾਜ਼ ਅੱਖ ਰੱਖਣ ਲਈ ਜਲਦੀ ਹੀ ਕੁਝ ਵਿਸ਼ੇਸ਼ ਕੇਸਾਂ ਵਿੱਚ ਵਰਤੋਂ ਲਈ ‘ਈ-ਰੁਪੀ’ ਦੀ ਸ਼ੁਰੂਆਤ ਕਰੇਗਾ। ਆਰਬੀਆਈ ਨੇ ਸੈਂਟਰਲ ਬੈਂਕ ਡਿਜੀਟਲ ਕਰੰਸੀ ਬਾਰੇ ਸੰਕਲਪ ਨੋਟ ਵਿੱਚ ਕਿਹਾ ਕਿ ਸੀਬੀਡੀਸੀ ਦਾ ਮੁੱਖ ਮੰਤਵ ਵਰਤੋਕਾਰਾਂ ਨੂੰ ਅਦਾਇਗੀ ਦੇ ਵਾਧੂ ਵਸੀਲੇ ਪ੍ਰਦਾਨ ਕਰਨਾ ਹੈ। ਕੇਂਦਰੀ ਬੈਂਕ ਨੇ ਨੋਟ ਵਿੱਚ ਸਾਫ਼ ਕਰ ਦਿੱਤਾ ਕਿ ਅਦਾਇਗੀ ਦਾ ਮੌਜੂਦਾ ਪ੍ਰਬੰਧ ਵੀ ਚੱਲਦਾ ਰਹੇਗਾ ਤੇ ਇਸ ਨਵੇਂ ਪ੍ਰਬੰਧ ਨੂੰ ਉਸ ਨਾਲ ਨਹੀਂ ਬਦਲਿਆ ਜਾਵੇਗਾ। ਸੀਬੀਡੀਸੀ ਕਰੰਸੀ ਨੋਟਾਂ ਦਾ ਡਿਜੀਟਲ ਰੂਪ ਹੈ ਤੇ ਕੁੱਲ ਆਲਮ ਦੇ ਬਹੁਤੇ ਕੇਂਦਰੀ ਬੈਂਕ ਸੀਬੀਡੀਸੀ ਜਾਰੀ ਕਰਨ ਦੇ ਬਦਲ ਤਲਾਸ਼ ਰਹੇ ਹਨ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਵਿੱਤੀ ਸਾਲ 2022-23 ਦੇ ਬਜਟ ਵਿੱਚ ਡਿਜੀਟਲ ਰੁਪੀ- ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਲਾਂਚ ਕਰਨ ਦਾ ਐਲਾਨ ਕੀਤਾ ਸੀ। -ਪੀਟੀਆਈ