ਮੁੰਬਈ, 5 ਫਰਵਰੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਵਿੱਤੀ ਸਾਲ ਲਈ ਜੀਡੀਪੀ (ਕੁੁੱਲ ਘਰੇਲੂ ਉਤਪਾਦ) 10.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਰਬੀਆਈ ਦਾ ਇਹ ਅਨੁਮਾਨ ਕੇਂਦਰੀ ਬਜਟ ਵਿੱਚ ਜਤਾਏ ਅਨੁਮਾਨਾਂ ਮੁਤਾਬਕ ਹੈ। ਉਂਜ ਕੇਂਦਰੀ ਬੈਂਕ ਨੇ ਨੀਤੀਗਤ ਵਿਆਜ ਦਰਾਂ ’ਚ ਫੇਰਬਦਲ ਤੋਂ ਇਕ ਵਾਰ ਫਿਰ ਹੱਥ ਪਿਛਾਂਹ ਖਿੱਚ ਲਏ ਹਨ। ਰੈਪੋ ਤੇ ਰਿਵਰਸ ਰੈਪੋ ਦਰਾਂ ਪਹਿਲਾਂ ਵਾਂਗ 4 ਫੀਸਦ ’ਤੇ ਬਰਕਰਾਰ ਰਹਿਣਗੀਆਂ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਨੇੜ ਭਵਿੱਖ ਵਿੱਚ ਸਬਜ਼ੀਆਂ ਦੇ ਭਾਅ ’ਚ ਨਰਮਾਈ ਬਣੇ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਤਿਮਾਹੀ ਵਿੱਚ ਖੁਦਰਾ ਮਹਿੰਗਾਈ ਦਰ ਘੱਟ ਕੇ 5.2 ਫੀਸਦ ਰਹਿਣ ਦਾ ਅਨੁਮਾਨ ਹੈ, ਜੋ ਕਿ ਅਗਲੇੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ ਘੱਟ ਕੇ 4.3 ਫੀਸਦ ਰਹਿ ਸਕਦੀ ਹੈ। ਦਾਸ ਨੇ ਕਿਹਾ ਕਿ ਸਰਕਾਰ ਮਾਰਚ ਦੇ ਅਖੀਰ ’ਚ ਮਹਿੰਗਾਈ ਦਰ ਦੇ ਟੀਚੇ ਦੀ ਮੁੜ ਸਮੀਖਿਆ ਕਰੇਗੀ। -ਪੀਟੀਆਈ