ਮਾਸਕੋ, 28 ਫਰਵਰੀ
ਯੂਕਰੇਨ ’ਤੇ ਕੀਤੇ ਫੌਜੀ ਹਮਲੇ ਮਗਰੋਂ ਆਲਮੀ ਪੱਧਰ ’ਤੇ ਆਇਦ ਆਰਥਿਕ ਤੇ ਹੋਰ ਪਾਬੰਦੀਆਂ ਕਰਕੇ ਡਾਲਰ ਦੇ ਮੁਕਾਬਲੇ ਰੂਬਲ (ਰੂਸੀ ਕਰੰਸੀ) ਨੂੰ ਹੋਰ ਡਿੱਗਣ ਤੋਂ ਬਚਾਉਣ ਲਈ ਮੁਲਕ ਦੇ ਕੇਂਦਰੀ ਬੈਂਕ ਨੇ ਆਪਣੀਆਂ ਪ੍ਰਮੁੱਖ ਦਰਾਂ ਨੂੰ 9.5 ਫੀਸਦ ਤੋਂ ਵਧਾ ਕੇ 20 ਫੀਸਦ ਕਰ ਦਿੱਤਾ ਹੈ। ਪੱਛਮੀ ਮੁਲਕਾਂ ਦੀ ਸਵਿਫਟ ਆਲਮੀ ਭੁਗਤਾਨ ਪ੍ਰਣਾਲੀ ਤੋਂ ਰੂਸੀ ਬੈਂਕਾਂ ਦੇ ਬਾਹਰ ਹੋਣ ਮਗਰੋਂ ਅੱਜ ਤੜਕੇ ਅਮਰੀਕੀ ਡਾਲਰ ਦੇ ਮੁਕਾਬਲੇ ਰੂਬਲ ਲਗਪਗ 26 ਫੀਸਦ ਤੱਕ ਟੁੱਟ ਗਿਆ ਸੀ। ਪੱਛਮੀ ਮੁਲਕਾਂ ਵੱਲੋਂ ਰੂਸ ਦੇ ਯੋਗ ਮੁਦਰਾ ਭੰਡਾਰਾਂ ’ਤੇ ਰੋਕ ਲਾਉਣ ਮਗਰੋਂ ਮੁਦਰਾ ਦੇ ਨਿਘਾਰ ਨੂੰ ਥੰਮਣ ਲਈ ਹੀ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ। -ਪੀਟੀਆਈ