ਨਵੀਂ ਦਿੱਲੀ, 1 ਜਨਵਰੀ
ਨਵੇਂ ਸਾਲ ਦੀ ਸ਼ੁਰੂਆਤ ਭਾਵ ਅੱਜ ਤੋਂ ਆਨਲਾਈਨ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਕਰਨਾ ਮਹਿੰਗਾ ਹੋ ਗਿਆ ਹੈ। ਸਵਿੱਗੀ ਅਤੇ ਜ਼ੋਮੈਟੋ ਵਰਗੀਆਂ ਕੰਪਨੀਆਂ, ਜੋ ਆਨਲਾਈਨ ਖਾਣ-ਪੀਣ ਦੀਆਂ ਚੀਜ਼ਾਂ ਦੀ ਡਿਲਿਵਰੀ ਕਰਦੀਆਂ ਹਨ, ਨੂੰ ਹੁਣ ਗਾਹਕਾਂ ਤੋਂ ਪੰਜ ਫੀਸਦੀ ਟੈਕਸ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਨਾ ਹੋਵੇਗਾ। ਅਜਿਹੇ ਫੂਡ ਵਿਕਰੇਤਾ, ਜੋ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਦੇ ਦਾਇਰੇ ਤੋਂ ਬਾਹਰ ਹਨ, ਜੇ ਉਹ ਗਾਹਕਾਂ ਨੂੰ ਆਨਲਾਈਨ ਆਰਡਰ ਰਾਹੀਂ ਸਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਜੀਐੱਸਟੀ ਦਾ ਭੁਗਤਾਨ ਕਰਨਾ ਪਵੇਗਾ। ਵਰਤਮਾਨ ਵਿੱਚ ਜੀਐੱਸਟੀ ਤਹਿਤ ਰਜਿਸਟਰਡ ਰੈਸਟੋਰੈਂਟ ਗਾਹਕਾਂ ਤੋਂ ਟੈਕਸ ਇਕੱਠਾ ਕਰਦੇ ਹਨ ਅਤੇ ਇਸ ਨੂੰ ਸਰਕਾਰ ਕੋਲ ਜਮ੍ਹਾਂ ਕਰਦੇ ਹਨ। ਇਸ ਤੋਂ ਇਲਾਵਾ ਐਪ ਆਧਾਰਿਤ ਕੈਬ ਸਰਵਿਸ ਕੰਪਨੀਆਂ ਜਿਵੇਂ ਉਬੇਰ ਅਤੇ ਓਲਾ ਨੂੰ ਵੀ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਬੁਕਿੰਗ ‘ਤੇ 5 ਫੀਸਦੀ ਜੀਐੱਸਟੀ ਵਸੂਲਣਾ ਹੋਵੇਗਾ। ਇਸ ਦੇ ਨਾਲ ਹੀ ਅੱਜ ਤੋਂ ਸਾਰੇ ਫੁੱਟਵੀਅਰ ‘ਤੇ 12 ਫੀਸਦੀ ਜੀਐੱਸਟੀ ਲੱਗ ਗਿਆ ਹੈ।