ਨਵੀਂ ਦਿੱਲੀ, 11 ਜੂਨ
ਸਰਕਾਰ ਨੇ ਰਤਨਾਂ ਤੇ ਕੀਮਤੀ ਪੱਥਰ ਜੜੇ ਕੁਝ ਖਾਸ ਤਰ੍ਹਾਂ ਦੇ ਸੋਨੇ ਦੇ ਗਹਿਣਿਆਂ ਦੀ ਦਰਾਮਦ ’ਤੇ ਅੱਜ ਰੋਕ ਲਗਾ ਦਿੱਤੀ ਹੈ। ਇਹ ਕਦਮ ਇੰਡੋਨੇਸ਼ੀਆ ਤੇ ਤਨਜ਼ਾਨੀਆ ਤੋਂ ਇਨ੍ਹਾਂ ਉਤਪਾਦਾਂ ਦੀ ਹੁੰਦੀ ਦਰਾਮਦ ਨੂੰ ਨੱਥ ਪਾ ਸਕਦਾ ਹੈ। ਹਾਲਾਂਕਿ, ਡਾਇਰੈਕਟਰ ਜਨਰਲ ਵਿਦੇਸ਼ ਵਪਾਰ (ਡੀਜੀਐੱਫਟੀ) ਨੇ ਕਿਹਾ ਕਿ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂਏਏ) ਵਿਚਾਲੇ ਕਰ ਮੁਕਤ ਸਮਝੌਤੇ ਤਹਿਤ ਵੈਧ ਟੈਰਿਫ ਦਰ ਕੋਟਾ (ਟੀਆਰਕਿਊ) ਵਿੱਚ ਦਰਾਮਦ ਅਧਿਕਾਰ ਤੋਂ ਬਿਨਾ ਵੀ ਇਨ੍ਹਾਂ ਕੀਮਤੀ ਪੱਥਰ ਜੜੇ ਗਹਿਣਿਆਂ ਦੀ ਦਰਾਮਦ ਦੀ ਮਨਜ਼ੂਰੀ ਹੋਵੇਗੀ। ਡੀਜੀਐੱਫਟੀ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਮੋਤੀ, ਕੁਝ ਖਾਸ ਕਿਸਮ ਦੇ ਹੀਰਿਆਂ ਅਤੇ ਹੋਰ ਕੀਮਤੀ ਤੇ ਘੱਟ ਕੀਮਤੀ ਪੱਥਰਾਂ ਨਾਲ ਜੜੇ ਸੋਨੇ ਦੇ ਗਹਿਣਿਆਂ ਦੀ ਦਰਾਮਦ ਨੀਤੀ ਨੂੰ ਤੁਰੰਤ ਪ੍ਰਭਾਵ ਤੋਂ ਸੋਧ ਕੇ ‘ਮੁਕਤ ਤੋਂ ਪਾਬੰਦੀਸ਼ੁਦ’ ਕਰ ਦਿੱਤਾ ਗਿਆ ਹੈ। -ਪੀਟੀਆਈ