ਨਵੀਂ ਦਿੱਲੀ, 8 ਅਕਤੂਬਰ
ਸਰਕਾਰ ਵੱਲੋਂ ਰਸੋਈ ਦੀਆਂ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਲ ਦੌਰਾਨ ਕਣਕ ਅਤੇ ਆਟੇ ਸਮੇਤ ਇਨ੍ਹਾਂ ਵਸਤਾਂ ਦੀਆਂ ਔਸਤ ਪ੍ਰਚੂਨ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਕੁਝ ਮਹੀਨਿਆਂ ਦੌਰਾਨ ਕਣਕ ਅਤੇ ਆਟਾ ਸਮੇਤ ਸਬੰਧਤ ਵਸਤਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦਿੱਲੀ ਦੇ ਥੋਕ ਬਾਜ਼ਾਰਾਂ ਦੇ ਵਪਾਰੀਆਂ ਅਨੁਸਾਰ ਘੱਟ ਸਪਲਾਈ ਅਤੇ ਮੰਗ ਕਾਰਨ ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜੋ ਰਿਕਾਰਡ 2,570 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈ ਹੈ। ਦਿੱਲੀ ਦੇ ਵਪਾਰੀਆਂ ਅਨੁਸਾਰ ਗਰਮੀ ਕਾਰਨ ਇਸ ਸਾਲ ਕਣਕ ਦਾ ਉਤਪਾਦਨ ਘੱਟ ਹੋਇਆ ਹੈ, ਜਿਸ ਨਾਲ ਖੇਤੀਬਾੜੀ ਉਪਜ ਦੀ ਘਰੇਲੂ ਸਪਲਾਈ ਪ੍ਰਭਾਵਿਤ ਹੋਈ ਹੈ। ਦਿੱਲੀ ਦੀ ਲਾਰੈਂਸ ਰੋਡ ਮੰਡੀ ਦੇ ਜੈ ਪ੍ਰਕਾਸ਼ ਜਿੰਦਲ ਨੇ ਦੱਸਿਆ ਕਿ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਵੇਲੇ ਕਣਕ ਦਾ ਭਾਅ 2570 ਰੁਪਏ ਪ੍ਰਤੀ ਕੁਇੰਟਲ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਤਿਉਹਾਰੀ ਸੀਜ਼ਨ ਦੌਰਾਨ ਇਹ 2600 ਰੁਪਏ ਹੋ ਸਕਦਾ ਹੈ। 14 ਮਈ 2022 ਨੂੰ ਕਣਕ ਦੇ ਨਿਰਯਾਤ ‘ਤੇ ਪਾਬੰਦੀ ਲੱਗਣ ਤੋਂ ਬਾਅਦ ਮੰਡੀ ਦੀਆਂ ਕੀਮਤਾਂ 2,150-2,175 ਰੁਪਏ ਪ੍ਰਤੀ ਕੁਇੰਟਲ ‘ਤੇ ਸਨ। ਵਪਾਰੀਆਂ ਨੇ ਦੱਸਿਆ ਕਿ ਜਿੱਥੇ ਕਣਕ ਦੇ ਭਾਅ ਵਿੱਚ ਕਰੀਬ 14-15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਉਥੇ ਆਟੇ ਦੀਆਂ ਕੀਮਤਾਂ ਵਿੱਚ ਕਰੀਬ 18-19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।