ਨਵੀਂ ਦਿੱਲੀ, 15 ਮਈ
ਆਰਬੀਆਈ ਦੇ ਚੋਟੀ ਦੇ ਅਧਿਕਾਰੀਆਂ ਨੇ ਸੰਸਦੀ ਕਮੇਟੀ ਨੂੰ ਦੱਸਿਆ ਹੈ ਕਿ ‘ਕ੍ਰਿਪਟੋਕਰੰਸੀ’ ਅਰਥਵਿਵਸਥਾ ਦੇ ਇਕ ਹਿੱਸੇ ਦਾ ‘ਡਾਲਰੀਕਰਨ’ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਹਿੱਤ ਵਿਚ ਨਹੀਂ ਹੋਵੇਗਾ। ਵਿੱਤ ਬਾਰੇ ਸੰਸਦ ਦੀ ਸਥਾਈ ਕਮੇਟੀ ਨੂੰ ਜਾਣਕਾਰੀ ਦਿੰਦਿਆਂ ਆਰਬੀਆਈ ਦੇ ਵਫ਼ਦ ਨੇ ਕ੍ਰਿਪਟੋਕਰੰਸੀ ਬਾਰੇ ਕੁਝ ਖ਼ਦਸ਼ੇ ਜ਼ਾਹਿਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਵਿੱਤੀ ਢਾਂਚੇ ਦੀ ਸਥਿਰਤਾ ਲਈ ਚੁਣੌਤੀ ਬਣ ਸਕਦੀ ਹੈ।
ਇਸ ਸੰਸਦੀ ਕਮੇਟੀ ਦੀ ਅਗਵਾਈ ਸਾਬਕਾ ਵਿੱਤ ਰਾਜ ਮੰਤਰੀ ਜੈਅੰਤ ਸਿਨਹਾ ਕਰ ਰਹੇ ਹਨ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕ੍ਰਿਪਟੋ ਆਰਬੀਆਈ ਦੀ ਮੁਦਰਾ ਨੀਤੀ ਉਤੇ ਵੀ ਅਸਰ ਪਾ ਸਕਦੀ ਹੈ। ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਕ੍ਰਿਪਟੋਕਰੰਸੀ ਵਿਚ ਘਰੇਲੂ ਤੇ ਵਿਦੇਸ਼ੀ ਲੈਣ-ਦੇਣ ਵਿਚ ਰੁਪਏ ਦੀ ਥਾਂ ਲੈਣ ਦੀ ਸਮਰੱਥਾ ਹੈ ਤੇ ਇਹ ਕਰੰਸੀ ਤਬਾਦਲੇ ਦਾ ਬਦਲ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਪਟੋ ਅਤਿਵਾਦ ਫੰਡਿੰਗ, ਮਨੀ ਲਾਂਡਰਿੰਗ ਤੇ ਨਸ਼ਾ ਤਸਕਰੀ ਲਈ ਵੀ ਵਰਤੀ ਜਾ ਸਕਦਾ ਹੈ ਤੇ ਦੇਸ਼ ਦੇ ਵਿੱਤੀ ਢਾਂਚੇ ਦੀ ਸਥਿਰਤਾ ਲਈ ਖ਼ਤਰਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਗਭਗ ਸਾਰੀਆਂ ‘ਕ੍ਰਿਪਟੋਕਰੰਸੀਜ਼’ ਡਾਲਰ ਵਿਚ ਹਨ ਤੇ ਵਿਦੇਸ਼ੀ ਪ੍ਰਾਈਵੇਟ ਇਕਾਈਆਂ ਇਨ੍ਹਾਂ ਨੂੰ ਜਾਰੀ ਕਰਦੀਆਂ ਹਨ। ਇਸ ਕਾਰਨ ਅਰਥਵਿਵਸਥਾ ਦੇ ਇਕ ਹਿੱਸੇ ਦਾ ਇਹ ਡਾਲਰੀਕਰਨ ਕਰ ਸਕਦੀ ਹੈ, ਇਕ ਖ਼ੁਦਮੁਖਤਿਆਰ ਮੁਲਕ ਵਜੋਂ ਭਾਰਤ ਲਈ ਇਹ ਠੀਕ ਨਹੀਂ ਹੋਵੇਗਾ। ਆਰਬੀਆਈ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਬੈਂਕਿੰਗ ਢਾਂਚੇ ਨੂੰ ਵੀ ਪ੍ਰਭਾਵਿਤ ਕਰੇਗੀ ਕਿਉਂਕਿ ਲੋਕ ਨਿਵੇਸ਼ ਲਈ ਇਸ ਕਰੰਸੀ ਵੱਲ ਖਿੱਚੇ ਜਾ ਸਕਦੇ ਹਨ। ਇਸ ਨਾਲ ਬੈਂਕਾਂ ਕੋਲ ਪੈਸਾ ਨਹੀਂ ਬਚੇਗਾ। -ਪੀਟੀਆਈ