ਮੁੰਬਈ: ਵਿਸ਼ਵ ਬਾਜ਼ਾਰਾਂ ਵਿੱਚ ਮਜ਼ਬੂਤੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਤਿੰਨ ਦਿਨ ਦੇ ਘਾਟੇ ਤੋਂ ਅੱਜ ਉਭਰ ਗਿਆ। ਪ੍ਰਮੁੱਖ ਸ਼ੇਅਰਾਂ ਵਿੱਚ ਖਰੀਦਦਾਰੀ ਨਾਲ ਸੈਂਸੈਕਸ 496 ਅੰਕ ਉੱਪਰ ਗਿਆ, ਜਦਕਿ ਨਿਫਟੀ 21,600 ਦੇ ਪੱਧਰ ਤੋਂ ਉੱਤੇ ਬੰਦ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 496.37 ਅੰਕ ਭਾਵ 0.70 ਫ਼ੀਸਦੀ ਵਾਧੇ ਨਾਲ 71,683.23 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮਾਂ ਇਹ 708.78 ਅੰਕ ਤੱਕ ਵਧ ਕੇ 71,895.64 ’ਤੇ ਵੀ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕ ਅੰਕ ਨਿਫਟੀ ਵੀ 160.15 ਅੰਕ ਭਾਵ 0.75 ਫ਼ੀਸਦੀ ਚੜ੍ਹ ਕੇ 21,622.40 ਅੰਕ ’ਤੇ ਬੰਦ ਹੋਇਆ। ਇਸ ਤੇਜ਼ੀ ਨਾਲ ਸਥਾਨਕ ਬਾਜ਼ਾਰਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਵਿਕਰੀ ਤੋਂ ਉਭਰਨ ’ਚ ਮਦਦ ਮਿਲੀ। -ਪੀਟੀਆਈ