ਨਵੀਂ ਦਿੱਲੀ, 23 ਜਨਵਰੀ
ਹੁਕਮ ਦੇ ਬਾਵਜੂਦ ‘ਅਡਾਨੀ ਪਾਵਰ’ ਨਾਲ ਸਬੰਧਤ ਮਾਮਲਾ ਸੁਣਵਾਈ ਲਈ ਸੂਚੀ ਵਿਚ ਨਾ ਪਾਉਣ ’ਤੇ ਸੁਪਰੀਮ ਕੋਰਟ ਨੇ ਆਪਣੀ ਹੀ ਰਜਿਸਟਰੀ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸਿਖਰਲੀ ਅਦਾਲਤ ਦੇ ਬੈਂਚ ਨੇ ਅੱਜ ਦੀ ਕਾਰਵਾਈ ਸ਼ੁਰੂ ਹੋਣ ਮੌਕੇ ਸੀਨੀਅਰ ਵਕੀਲ ਦੁਸ਼ਿਅੰਤ ਦਵੇ ਨੂੰ ਅਡਾਨੀ ਪਾਵਰ ਕੇਸ ਬਾਰੇ ਪੁੱਛਿਆ। ਦਵੇ ਜੋ ਕਿ ਕੇਸ ਵਿਚ ‘ਜੈਪੁਰ ਵਿਦਯੁਤ ਵਿਤਰਨ ਨਿਗਮ ਲਿਮਟਿਡ’ ਵੱਲੋਂ ਪੇਸ਼ ਹੋਏ, ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਦ ਉਨ੍ਹਾਂ ਨਾਲ ਸਬੰਧਤ ਵਕੀਲਾਂ ਨੇ ਰਜਿਸਟਰੀ ਤੱਕ ਪਹੁੰਚ ਕਰ ਕੇ ਮਾਮਲੇ ਬਾਰੇ ਪੁੱਛਿਆ ਤਾਂ ਉੱਥੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਸ ਲਿਸਟ ਕਰਨ ਬਾਰੇ ਕੋਈ ਹਦਾਇਤ ਨਹੀਂ ਮਿਲੀ ਹੈ। ਬੈਂਚ ਨੇ ਇਹ ਜਾਣਨਾ ਚਾਹਿਆ ਕਿ ਕਿਉਂ ਤੇ ਕਿਸ ਦੇ ਕਹਿਣ ਉਤੇ ਰਜਿਸਟਰੀ ਨੇ ਸੁਣਵਾਈ ਲਈ ਕੇਸ ਸੂਚੀਬੱਧ ਨਹੀਂ ਕੀਤਾ। ਜੱਜਾਂ ਨੇ ਕੋਰਟ ਦੇ ਸੀਨੀਅਰ ਰਜਿਸਟਰੀ ਅਧਿਕਾਰੀ ਨੂੰ ਤਲਬ ਕੀਤਾ ਤੇ ਉਸ ਦੇ ਨਾਲ ਚੈਂਬਰ ’ਚ ਇਸ ਮਾਮਲੇ ’ਤੇ ਵਿਚਾਰ ਕੀਤਾ। ਇਹ ਮਾਮਲਾ ਹੁਣ ਭਲਕੇ ਪਹਿਲੇ ਕੇਸ ਵਜੋਂ ਸੁਣਿਆ ਜਾਵੇਗਾ। -ਪੀਟੀਆਈ