ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਲੌਕਡਾਊਨ ਮਗਰੋਂ ਆਵਾਜਾਈ ਲਈ ਲਾਈਆਂ ਗਈਆਂ ਪਾਬੰਦੀਆਂ ਅਤੇ ਤਬਦੀਲ ਕੀਤੇ ਗਏ ਨਿਯਮਾਂ ਕਾਰਨ ਦਿੱਲੀ ਵਾਸੀਆਂ ਨੇ ਆਪਣੇ ਲਈ ਵਾਹਨ ਖਰੀਦਣ ਨੂੰ ਤਵੱਜੋਂ ਦਿੱਤੀ ਹੈ, ਜਿਸ ਕਰਕੇ ਜੂਨ ਮਹੀਨੇ ਵਿੱਚ 23 ਹਜ਼ਾਰ ਤੋਂ ਵੱਧ ਗੱਡੀਆਂ ਖਰੀਦੀਆਂ ਗਈਆਂ ਜਾਂ ਪੰਜੀਕਰਨ ਹੋਇਆ। ਹਾਲਾਂਕਿ ਮਹੀਨਾ ਪਹਿਲਾਂ ਇਹ ਗਿਣਤੀ 8455 ਹੀ ਸੀ। ਦੂਜੇ ਪਾਸੇ ਮਹਿੰਗੀਆਂ ਗੱਡੀਆਂ ਦੀ ਵਿਕਰੀ ਨਹੀਂ ਵਧੀ। ਟਰਾਂਸਪੋਰਟ ਮਹਿਕਮੇ ਵੱਲੋਂ ਦੱਸਿਆ ਗਿਆ ਹੈ ਕਿ ਕਾਰਾਂ ਅਤੇ ਦੋ ਪਹੀਆ ਵਾਹਨਾਂ ਦੀ ਖਰੀਦ ਵਿੱਚ ਦਿੱਲੀ ਵਾਸੀਆਂ ਨੇ ਦਿਲਚਸਪੀ ਦਿਖਾਈ। ਅਧਿਕਾਰੀਆਂ ਮੁਤਾਬਕ ਜੂਨ ਦੌਰਾਨ 23940 ਗੱਡੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ, ਜਿਸ ਵਿੱਚ 18741 ਦੋ ਪਹੀਆ ਵਾਹਨ ਤੇ 4755 ਚਾਰ ਪਹੀਆ ਵਾਹਨ ਸ਼ਾਮਲ ਹਨ। 74 ਤਿੰਨ ਪਹੀਾ (ਸਾਮਾਨ ਢੋਣ ਤੇ ਸਵਾਰੀ ਲਈ) ਤੇ 280 -ਈ-ਰਿਕਸ਼ਾ ਦਿੱਲੀ ਵਿੱਚ ਵਧੇ ਹਨ। ਹਾਲਾਂਕਿ ਮਈ ਵਿੱਚ 6711 ਮੋਟਰਸਾਈਕਲ/ਸਕੂਟਰ, 1650 ਕਾਰਾਂ, 72 ਈ-ਰਿਕਸ਼ਾ, 7 ਤਿੰਨ ਪਹੀਆ ਵਾਹਨ ਰਜਿਸਟਰ ਹੋਏ ਹਨ। ਦਿੱਲੀ ਵਿੱਚ ਕਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ 40-45 ਹਜ਼ਾਰ ਗੱਡੀਆਂ ਦੀ ਹਰ ਮਹੀਨੇ ਰਜਿਸਟ੍ਰੇਸ਼ਨ ਹੁੰਦੀ ਸੀ। ਕਾਰਾਂ ਵੇਚਣ ਵਾਲੇ ਡੀਲਰਾਂ ਦਾ ਕਹਿਣਾ ਹੈ ਕਿ ਲੋਕ ਵਿੱਤੀ ਸੰਕਟ ਦੌਰਾਨ ਚੱਲੀਆਂ ਹੋਈਆਂ ਗੱਡੀਆਂ ਲੈਣ ਵੱਲ ਜ਼ਿਆਦਾ ਤਵੱਜੋਂ ਦੇ ਰਹੇ ਹਨ। ਗਾਹਕ ਇੱਕ ਲੱਖ ਤੋਂ ਲੈ ਕੇ 8 ਲੱਖ ਤੱਕ ਦੀਆਂ ਗੱਡੀਆਂ ਦੀ ਖਰੀਦ ਕਰ ਰਹੇ ਹਨ ਪਰ 10 ਲੱਖ ਜਾਂ ਇਸ ਤੋਂ ਉਪਰ ਦੀਆਂ ਗੱਡੀਆਂ ਦੇ ਖ਼ਰੀਦਾਰ ਨਾਮਾਤਰ ਹਨ।