ਸੰਜੀਵ ਬੱਬੀ
ਚਮਕੌਰ ਸਾਹਿਬ, 14 ਮਈ
ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਥੀਮ ਪਾਰਕ (ਦਾਸਤਾਨ-ਏ-ਸ਼ਹਾਦਤ) ਵਿਖੇ ਇੱਕ ਸਟੇਨਲੈੱਸ ਸਟੀਲ ਦਾ ਤਿਆਰ ਕੀਤਾ 40 ਫੁੱਟ ਉੱਚਾ ਖੰਡਾ ਸਥਾਪਿਤ ਕੀਤਾ ਗਿਆ ਹੈ, ਜੋ ਕਿ ਸੰਗਤਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੇਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੰਦਿਆਂ ਦੱਸਿਆ ਕਿ ਖੰਡੇ ਨੂੰ ਸਥਾਪਿਤ ਕਰਨ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਦਿੱਲੀ ਤੋਂ ਆਏ ਮਾਹਿਰ ਕਾਰੀਗਰ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ। ਸ੍ਰੀ ਚੰਨੀ ਨੇ ਥੀਮ ਪਾਰਕ ਵਿੱਚ ਸੁੰਦਰੀਕਰਨ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਥੀਮ ਪਾਰਕ ਵਿੱਚ ਖੰਡੇ ਤੋਂ ਇਲਾਵਾ ਤਾਂਬੇ ਨਾਲ ਤਿਆਰ ਕੀਤੇ ਘੋੜਿਆਂ ’ਤੇ ਸਵਾਰ 5 ਸਿੱਖ ਯੋਧੇ ਪਹਿਲਾਂ ਹੀ ਸਥਾਪਿਤ ਕਰ ਦਿੱਤੇ ਗਏ ਹਨ, ਜਦੋਂ ਕਿ ਸਟੇਨਲੈੱਸ ਸਟੀਲ ਦੀਆਂ 2 ਤਲਵਾਰਾਂ ਵੀ ਆਉਂਦੇ ਦਿਨਾਂ ਵਿੱਚ ਲਗਾ ਦਿੱਤੀਆਂ ਜਾਣਗੀਆਂ। ਸੈਰ ਸਪਾਟਾ ਵਿਭਾਗ ਦੇ ਇੰਜਨੀਅਰ ਬੀਐੱਸ ਚਾਨਾ ਅਤੇ ਐੱਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ 40 ਫੁੱਟ ਉੱਚੇ ਅਤੇ 25 ਫੁੱਟ ਚੌੜੇ ਖੰਡੇ ਨੂੰ ਤਿਆਰ ਕਰਨ ਵਿੱਚ 2 ਮਹੀਨੇ ਦਾ ਸਮਾਂ ਲੱਗਿਆ ਜਦੋਂ ਕਿ ਇਸ ਨੂੰ ਸਥਾਪਤ ਕਰਨ ਵਿੱਚ ਵੀ 15 ਦਿਨਾਂ ਤੋਂ ਵੱਧ ਦਾ ਸਮਾਂ ਲੱਗਿਆ ਹੈ। ਕੈਬਨਿਟ ਮੰਤਰੀ ਸ੍ਰੀ ਚੰਨੀ ਨਾਲ ਥੀਮ ਪਾਰਕ ਦਾ ਜਾਇਜ਼ਾ ਲੈਣ ਆਏ ਪੰਜਾਬ ਲੋਕ ਗਾਇਕ ਜੱਸ ਬਾਜਵਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤਿਆਰ ਹੋਣ ਨਾਲ ਨੌਜਵਾਨ ਪੀੜ੍ਹੀ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਹੋਵੇਗੀ।