ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 2 ਨਵੰਬਰ
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀਆਂ ਸਰਕਾਰੀ ਹਦਾਇਤਾਂ ਉੱਤੇ ਅਮਲ ਕਰਦਿਆਂ ਮੁਹਾਲੀ ਬਲਾਕ ਦੇ ਪਿੰਡ ਸੁਖਗੜ੍ਹ ਅਤੇ ਤੰਗੌਰੀ ਤੋਂ 10 ਏਕੜ ਤੋਂ ਵੱਧ ਥਾਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਬੀਡੀਪੀਓ ਮੁਹਾਲੀ ਦੀ ਅਗਵਾਈ ਹੇਠ ਦੋਵੇਂ ਥਾਂਵਾਂ ਤੋਂ ਕਬਜ਼ੇ ਛੁਡਾਏ ਗਏ ਅਤੇ ਇਸ ਮੌਕੇ ਮੁਹਾਲੀ ਦੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਰਹੇ।
ਬੀਡੀਪੀਓ ਪ੍ਰਨੀਤ ਕੌਰ ਨੇ ਦੱਸਿਆ ਕਿ ਗਰਾਮ ਪੰਚਾਇਤ ਸੁੱਖਗੜ੍ਹ ਦੀ 7 ਕਨਾਲ 3 ਮਰਲੇ ਪੰਚਾਇਤੀ ਟੋਭੇ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਜਾਇਜ਼ ਕਬਜ਼ੇ ਕਾਰਨ ਬਾਰਸ਼ ਦੇ ਦਿਨਾਂ ਵਿੱਚ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੀ। ਹੁਣ ਇਸ ਛੱਪੜ ਦੇ ਰਕਬੇ ਨੂੰ ਖਾਲੀ ਕਰਵਾਉਣ ਨਾਲ ਪਿੰਡ ਵਾਸੀਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਇਸੇ ਦੌਰਾਨ ਪਿੰਡ ਸੁਖਗੜ੍ਹ ਦੇ ਕਈ ਵਸਨੀਕਾਂ ਨੇ ਦੱਸਿਆ ਕਿ ਇਥੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਚੰਗੀ ਤਰ੍ਹਾਂ ਮਿਣਤੀ ਵੀ ਨਹੀਂ ਕੀਤੀ ਗਈ ਤੇ ਪੂਰੇ ਟੋਭੇ ਦਾ ਕਬਜ਼ਾ ਨਹੀਂ ਛੁਡਾਇਆ ਗਿਆ।
ਬੀਡੀਪੀਓ ਪ੍ਰਨੀਤ ਕੌਰ ਨੇ ਦੱਸਿਆ ਕਿ ਗਰਾਮ ਪੰਚਾਇਤ ਤੰਗੌਰੀ ਦੀ ਸ਼ਾਮਲਾਤ ਜ਼ਮੀਨ ਤੋਂ 10 ਏਕੜ (ਜਿਥੇ ਪਹਿਲਾਂ ਲੁੱਕ ਪਲਾਂਟ ਲੱਗਾ ਹੋਇਆ ਸੀ, ਲੀਜ਼ ਦਾ ਸਮਾਂ ਪੂਰਾ ਹੋਣ ’ਤੇ ਵੀ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੀ) ਤੋਂ ਵੀ ਨਾਜਾਇਜ਼ ਕਬਜ਼ਾ ਹਟਵਾ ਕੇ ਗਰਾਮ ਪੰਚਾਇਤ ਤੰਗੌਰੀ ਨੂੰ ਦਿਵਾਇਆ ਗਿਆ ਹੈ। ਇਸ ਮੌਕੇ ਤੇ ਪੰਚਾਇਤ ਸਕੱਤਰ ਸੁੱਖਗੜ੍ਹ ਹਰਸਿਮਰਨ ਕੌਰ, ਪਟਵਾਰੀ ਸੁਰਿੰਦਰਪਾਲ ਅਤੇ ਕਾਨੂੰਗੋ ਮਹੇਸ਼ ਮਹਿਤਾ, ਤੰਗੌਰੀ ਦੀ ਸਰਪੰਚ ਐਡਵੋਕੇਟ ਅਮਨਦੀਪ ਕੌਰ ਹਾਜ਼ਰ ਸਨ।
ਸਾਂਝੀਆਂ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਦਾ ਵਿਰੋਧ
ਮੁਹਾਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੇ ਮਾਲਕੀ ਹੱਕ ਗਰਾਮ ਪੰਚਾਇਤਾਂ ਨੂੰ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਆਬਾਦਕਾਰਾਂ ਨਾਲ ਵੱਡਾ ਧੋਖਾ ਹੈ। ‘ਆਪ’ ਸਰਕਾਰ ਦੀ ਅਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੇ ਕਾਬਜ਼ਕਾਰ ਕਿਸਾਨਾਂ ਤੋਂ ਮਾਲਕੀ ਹੱਕ ਨਾ ਖੋਹੇ ਜਾਣ। ਉਨ੍ਹਾਂ ਕਿਹਾ ਕਿ ਮੁਹਾਲੀ ਨੇੜਲੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਵੱਖ-ਵੱਖ ਪ੍ਰਾਜੈਕਟਾਂ ਤਹਿਤ ਪਹਿਲਾਂ ਹੀ ਐਕੁਆਇਰ ਹੋ ਚੁੱਕੀ ਹੈ ਅਤੇ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਦੇ ਹਿੱਸੇ ਵੀ ਖੇਵਟਦਾਰਾਂ ਨੂੰ ਹੀ ਮਿਲਦੇ ਰਹੇ ਪਰ ਹੁਣ ‘ਆਪ’ ਸਰਕਾਰ ਲੋਕਾਂ ਤੋਂ ਹੱਕ ਖੋਹਣ ਦੇ ਰੌਂਅ ਵਿੱਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਧੱਕੇਸ਼ਾਹੀ ਨਾਲ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਪੀੜਤ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢੇਗਾ। ਉਨ੍ਹਾਂ ਕਿਹਾ ਕਿ ਇਹ ਸਾਂਝੀਆਂ ਜ਼ਮੀਨਾਂ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਹਿੱਸਿਆਂ ਦੀਆਂ ਜ਼ਮੀਨਾਂ ਹਨ। ਇਸ ਲਈ ਇਨ੍ਹਾਂ ਜ਼ਮੀਨਾਂ ’ਤੇ ਖੇਵਟਦਾਰਾਂ ਅਤੇ ਆਬਾਦਕਾਰਾਂ ਦਾ ਹੀ ਹੱਕ ਹੈ।