ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ(ਮੁਹਾਲੀ), 24 ਅਕਤੂਬਰ
ਮੁਹਾਲੀ ਨਗਰ ਨਿਗਮ ਵੱਲੋਂ ਸੈਕਟਰ-76, 77, 78 ਅਤੇ ਸੋਹਾਣਾ ਦੇ ਵਸਨੀਕਾਂ ਨੂੰ ਛੇਤੀ ਹੀ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਇਸ ਕੰਮ ਲਈ ਸੈਕਟਰ-77 ਵਿੱਚ 12 ਲੱਖ ਗੈਲਨ ਪਾਣੀ ਦੀ ਸਮਰੱਥਾ ਦਾ ਰਿਜ਼ਰਵਾਇਰ ਬਣਾਇਆ ਗਿਆ ਹੈ। ਇਸ ਨਾਲ ਇਸ ਪੂਰੇ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਇਹ ਗੱਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਇਸ ਪ੍ਰਾਜੈਕਟ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਖੇਤਰ ਵਿੱਚ ਨਹਿਰੀ ਪਾਣੀ ਦੀ ਸਪਲਾਈ ਚੱਲ ਰਹੀ ਹੈ ਪਰ ਉਪਰੋਕਤ ਖੇਤਰ ਵਿੱਚ ਟਿਊਬਵੈੱਲਾਂ ਰਾਹੀਂ ਘਰਾਂ ਵਿੱਚ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ। ਹੁਣ ਰਿਜ਼ਰਵਾਇਰ ਚਾਲੂ ਹੋਣ ਨਾਲ ਪੂਰੇ ਇਲਾਕੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਹੁਣ ਇੱਥੇ 14 ਲੱਖ ਗੈਲਨ ਪਾਣੀ ਦੀ ਸਮਰੱਥਾ ਹੋ ਗਈ ਹੈ, ਕਿਉਂਕਿ ਟੈਂਕੀ ਦੀ ਸਮਰੱਥਾ ਵੀ ਦੋ ਲੱਖ ਗੈਲਨ ਦੀ ਹੈ। ਇੰਜ, ਇਸ ਖੇਤਰ ਵਿੱਚ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਏਗੀ।
ਉਨ੍ਹਾਂ ਦੱਸਿਆ ਕਿ ਇੱਥੇ ਜੈਨਰੇਟਰ ਅਤੇ ਟਰਾਂਸਫ਼ਾਰਮਰ ਵੀ ਲੱਗ ਗਿਆ ਹੈ, ਹੁਣ ਬਿਜਲੀ ਦਾ ਕਨੈਕਸ਼ਨ ਚਾਲੂ ਹੋ ਜਾਵੇਗਾ। ਇੱਥੇ ਗਮਾਡਾ ਨੇ 11 ਕਰੋੜ ਖ਼ਰਚ ਕੀਤੇ ਹਨ ਅਤੇ ਪਾਣੀ ਭਰ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦਾ ਕੁਨੈਕਸ਼ਨ ਮਿਲਦੇ ਹੀ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਇਲਾਕੇ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮਿਲੇਗਾ, ਸਗੋਂ ਟਿਊਬਵੈੱਲਾਂ ਉੱਤੇ ਨਿਰਭਰਤਾ ਵੀ ਖ਼ਤਮ ਹੋਵੇਗੀ। ਇਸ ਨਾਲ ਧਰਤੀ ਹੇਠਲਾ ਪਾਣੀ ਬਚੇਗਾ। ਉਨ੍ਹਾਂ ਕਿਹਾ ਕਿ ਰਿਜ਼ਰਵਾਇਰ ਵਿੱਚ ਪਾਣੀ ਘਟਣ ਦੀ ਸੂਰਤ ਵਿੱਚ ਹੀ ਟਿਊਬਵੈੱਲਾਂ ਦਾ ਪਾਣੀ ਇਸ ਰਿਜ਼ਰਵਾਇਰ ਲਈ ਵਰਤਿਆ ਜਾਵੇਗਾ ਪਰ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕਮਲਪ੍ਰੀਤ ਸਿੰਘ ਬਨੀ ਤੇ ਸੁੱਚਾ ਸਿੰਘ ਕਲੌੜ (ਦੋਵੇਂ ਕੌਂਸਲਰ) ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।