ਪੱਤਰ ਪ੍ਰੇਰਕ
ਲਾਲੜੂ, 25 ਅਗਸਤ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਬਸੌਲੀ ’ਚ ਤਿੰਨ ਵਿਅਕਤੀਆਂ ਵੱਲੋਂ 11 ਬੱਕਰੇ ਤੇ ਬੱਕਰੀਆਂ ਚੋਰੀ ਕਰ ਲਏ ਗਏ। ਜਿਸ ਕਾਰਨ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਛੱਜੂ ਰਾਮ ਪੁੱਤਰ ਨਾਥ ਰਾਮ ਵਾਸੀ ਪਿੰਡ ਬਸੌਲੀ ਨੇ ਦੱਸਿਆ ਕਿ 12 ਅਗਸਤ ਦੀ ਰਾਤ ਨੂੰ ਉਨ੍ਹਾਂ ਦੇ ਵਾੜੇ ਵਿੱਚੋਂ ਅਣਪਛਾਤੇ ਵਿਅਕਤੀਆਂ ਨੇ 11 ਬੱਕਰੇ ਤੇ ਬੱਕਰੀਆਂ ਚੋਰੀ ਕਰ ਲਏ। ਜਿਸ ਸਬੰਧੀ ਉਨ੍ਹਾਂ ਨੇ ਹੰਡੇਸਰਾ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਪੁਲੀਸ ਨੇ ਕਾਰਵਾਈ ਕਰਦੇ ਹੋਏ 21 ਅਗਸਤ 2022 ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਤਿੰਨ ਵਿਅਕਤੀ ਜਿਨ੍ਹਾਂ ਵਿੱਚ ਰੋਹਿਤ ਕੁਮਾਰ ਵਾਸੀ ਹੰਡੇਸਰਾ, ਦਲਜੀਤ ਸਿੰਘ ਤੇ ਜੋਗਾ ਸਿੰਘ ਵਾਸੀ ਤਸਿੰਬਲੀ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਪੁੱਛਗਿੱਛ ਦੌਰਾਨ ਇਨੋਵਾ ਗੱਡੀ ਵਿੱਚ ਬੱਕਰੇ ਤੇ ਬੱਕਰੀਆਂ ਚੋਰੀ ਕਰਨ ਦੀ ਗੱਲ ਮੰਨ ਲਈ। ਪੁਲੀਸ ਨੇ ਇਨੋਵਾ ਗੱਡੀ ਨੂੰ ਵੀ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 457, 380 ਅਧੀਨ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਨ੍ਹਾਂ ਦਾ ਇਕ ਰੋਜ਼ਾ ਪੁਲੀਸ ਰਿਮਾਂਡ ਮਿਲਣ ’ਤੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਬੱਕਰੇ ਤੇ ਬੱਕਰੀਆਂ ਕਿਹੜੇ ਵਿਅਕਤੀਆਂ ਨੂੰ ਵੇਚੇ ਹਨ।