ਪੰਚਕੂਲਾ: ਅੱਜ ਪੰਚਕੂਲਾ ’ਚ ਪੇਚਿਸ਼ ਦੇ 11 ਨਵੇਂ ਕੇਸ ਸਾਹਮਣੇ ਆਏ। ਜਦੋਂਕਿ ਹੁਣ ਤੱਕ ਪੇਚਿਸ਼ ਦੇ 484 ਕੇਸ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹੇ ਦੇ ਸਰਕਾਰੀ ਜਨਰਲ ਹਸਪਤਾਲਾਂ ਦੀ ਸਪੋਕਸਮੈਨ ਮਨਕੀਰਤ ਮੁਰਾਰਾ ਨੇ ਦੱਸਿਆ ਪਿੰਡ ਅਭੈਪੁਰ ਪਿੰਡ ਦੀ ਜਨ ਸੰਖਿਆ 11 ਹਜ਼ਾਰ ਦੇ ਕਰੀਬ ਹੈ। ਜਿੱਥੇ ਸਿਹਤ ਵਿਭਾਗ ਤੇ ਹੁੱਡਾ ਦੇ ਜਨ ਸਿਹਤ ਡਵੀਜ਼ਨ ਵੱਲੋਂ ਪਾਣੀ ਦੇ ਸੈਂਪਲ ਲੈਣ ਦਾ ਕੰਮ ਜਾਰੀ ਹੈ। ਡਾਕਟਰ ਮੁਰਾਰਾ ਨੇ ਦੱਸਿਆ ਕਿ ਪਿੰਡ ’ਚ ਆਰਜ਼ੀ ਓਪੀਡੀ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ 46 ਮਰੀਜ਼ ਦਾਖਲ ਹਨ। ਬੀਤੇ 24 ਘੰਟਿਆਂ ਦੌਰਾਨ ਹਸਪਤਾਲ ’ਚ ਪੇਚਿਸ਼ ਦੇ 15 ਮਰੀਜ਼ ਦਾਖਲ ਹੋਏ ਹਨ। ਇਹ ਪਿੰਡ ਅਭੈਪੁਰ ਤੇ ਇਸ ਨਾਲ ਲਗਦੀਆਂ ਕਲੋਨੀਆਂ ਤੋਂ ਹਨ। ਸਿਹਤ ਵਿਭਾਗ ਵੱਲੋਂ 5762 ਘਰਾਂ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਿੱਚ ਓਆਰਐੱਸ ਦੇ 100805 ਪੈਕਟ ਵੰਡੇ ਗਏ। ਇਸ ਤੋਂ ਇਲਾਵਾ ਜ਼ਿੰਕ ਦੀਆਂ ਗੋਲੀਆਂ ਦੇ 2021 ਪੱਤੇ ਵੰਡੇ ਗਏ। -ਪੱਤਰ ਪ੍ਰੇਰਕ