ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 4 ਸਤੰਬਰ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ 12 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦਕਿ 3 ਵਿਅਕਤੀਆਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ। ਇਸ ਸਬੰਧੀ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 12 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਐਕਟਿਵ ਕੇਸਾਂ ਦੀ ਕੁਲ ਗਿਣਤੀ 197 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 239 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਕੁਰਾਲੀ (ਪੱਤਰ ਪ੍ਰੇਰਕ): ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਸਿਹਤ ਟੀਮ ਨੇ ਸਿਵਲ ਹਸਪਤਾਲ ਬੂਥਗੜ੍ਹ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿੱਚ ਕਰੋਨਾ ਵਾਇਰਸ ਦੇ ਪਸਾਰੇ ਨੂੰ ਰੋਕਣ ਲਈ ਪਿੰਡ ਨੂੰ ਦਵਾਈਆਂ ਦਾ ਛਿੜਕਾਅ ਕਰ ਕੇ ਰੋਗਾਣੂ ਮੁਕਤ ਕੀਤਾ। ਡਾ. ਦਿਲਬਾਗ਼ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ 61 ਸਾਲਾ ਮਹਿਲਾ ਦਾ ਕਰੋਨਾ ਪਾਜ਼ੇਟਿਵ ਆਊਣ ਮਗਰੋਂ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅੱਜ 3 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਰੂਪਨਗਰ ਦੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਪਿੰਡ ਪੰਜੋਲਾ ਦੇ 33 ਸਾਲਾ ਵਿਅਕਤੀ ਤੇ ਪਿੰਡ ਬੂਰਮਾਜਰਾ ਦੇ 46 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਹ ਦੋਵੇਂ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 261 ਹੈ ਤੇ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਤਹਿਸੀਲ ਖਮਾਣੋਂ ਦੇ ਪਿੰਡ ਜਟਾਣਾ ਉੱਚਾ ਦੀ ਕਰੋਨਾ ਪੀੜਤ ਮਹਿਲਾ (52) ਦੀ ਚੰਡੀਗੜ੍ਹ ਦੇ 32 ਸੈਕਟਰ ਸਥਿਤ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਸ਼ਟੀ ਕਰਦਿਆਂ ਸੀਐੱਮਓ ਖਮਾਣੋਂ ਨੇ ਦੱਸਿਆ ਕਿ ਇਹ ਮਹਿਲਾ ਗੁਰਮੇਲ ਕੌਰ ਉਕਤ ਹਸਪਤਾਲ ਵਿਚ ਸ਼ੂਗਰ ਆਦਿ ਬਿਮਾਰੀ ਦੇ ਚੱਲਦਿਆਂ ਦਾਖਲ ਹੋਈ ਸੀ।
ਖਰੜ (ਪੱਤਰ ਪ੍ਰੇਰਕ): ਖਰੜ ਸਿਵਲ ਹਸਪਤਾਲ ਦੇ ਐੱਸਐਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਖਰੜ ਵਿੱਚ 30 ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਇਸੇ ਦੌਰਾਨ 69 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
75 ਸਾਲਾ ਸਾਬਕਾ ਫੌਜੀ ਦੀ ਮੌਤ
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਇਲਾਕੇ ਵਿੱਚ ਅੱਜ ਇੱਕ ਕਰੋਨਾ ਪਾਜ਼ੇਟਿਵ ਸਾਬਕਾ ਫੌਜੀ ਦੀ ਮੌਤ ਹੋ ਗਈ। ਚਿਰੰਜੀ ਲਾਲ (75) ਬੀਤੀ 30 ਅਗਸਤ ਤੋਂ ਆਈਵੀਆਈ ਹਸਪਤਾਲ ਮੁਹਾਲੀ ਵਿਚ ਨਰਵਸ ਸਿਸਟਮ ਪ੍ਰਣਾਲੀ ਨਾਲ ਸਬੰਧਤ ਬਿਮਾਰੀ ਕਾਰਨ ਜ਼ੇਰੇ ਇਲਾਜ਼ ਸੀ ਤੇ ਬੀਤੀ ਰਾਤ ਊਸ ਦੀ ਮੌਤ ਹੋ ਗਈ। ਅੱਜ ਇੱਥੇ ਸ਼ਮਸ਼ਾਨਘਾਟ ਵਿਚ ਪਰਿਵਾਰਕ ਮੈਂਬਰਾਂ ਨੇ ਕਿੱਟਾਂ ਪਾ ਕੇ ਊਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੂਜੇ ਪਾਸੇ ਚਮਕੌਰ ਸਾਹਿਬ ਇਲਾਕੇ ਵਿੱਚ ਇੱਕ ਬੱਚੇ ਸਮੇਤ 9 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।ਅੰਬਾਲਾ ਵਿੱਚ ਰਿਕਾਰਡ 127 ਪਾਜ਼ੇਟਿਵ ਕੇਸ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿਚ ਕਰੋਨਾ ਕੇਸਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿੱਚ ਰਿਕਾਰਡ 127 ਕਰੋਨਾ ਪਾਜ਼ੇਟਿਵ ਕੇਸ ਆਏ ਹਨ, ਜਿਸ ਨਾਲ ਕੁਲ ਮਰੀਜ਼ਾਂ ਦੀ ਗਿਣਤੀ 4235 ਹੋ ਗਈ ਹੈ। ਅੱਜ ਸਭ ਤੋਂ ਵੱਧ 59 ਕੇਸ ਅੰਬਾਲਾ ਸ਼ਹਿਰ ਵਿਚੋਂ ਸਾਹਮਣੇ ਆਏ ਹਨ। ਅੱਜ ਅੰਬਾਲਾ ਛਾਉਣੀ ਨਿਵਾਸੀ 38 ਸਾਲਾ ਨੌਜਵਾਨ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਉਹ ਮੁਲਾਣਾ ਮੈਡੀਕਲ ਕਾਲਜ ਵਿਚ ਦਾਖਲ ਸੀ ਅਤੇ ਉਸ ਦਾ ਲਿਵਰ ਵੀ ਖਰਾਬ ਸੀ।